ਐੱਨਆਈਆਰ ਲੁੱਟ ਮਾਮਲੇ ਵਿੱਚ ਧਰਮਕੋਟ ਪੁਲੀਸ ਨੂੰ ਮਿਲੀ ਵੱਡੀ ਸਫ਼ਲਤਾ
ਇੱਥੋਂ ਦੀ ਪੁਲੀਸ ਨੇ 16 ਨਵੰਬਰ ਨੂੰ ਐਨਆਰਆਈ ਰਾਮ ਸਿੰਘ ਦੀ ਪਿਸਤੌਲ ਦੀ ਨੋਕ ਉੱਤੇ ਹੋਏ ਲੁੱਟ ਦੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਹਲਕਾ ਡੀਐਸਪੀ ਰਾਜੇਸ਼ ਕੁਮਾਰ ਠਾਕੁਰ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਮਕੋਟ ਪੁਲੀਸ ਨੂੰ ਐਨਆਰਆਈ ਲੁੱਟ ਮਾਮਲੇ ਵਿੱਚੋ ਵੱਡੀ ਸਫ਼ਲਤਾ ਹਾਸਿਲ ਹੋਈ ਹੈ।
ਉਨ੍ਹਾਂ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਲ ਦੋਵੇਂ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਦੇ ਨਾਲ ਹੀ ਵਾਰਦਾਤ ਵਿੱਚ ਵਰਤੀ ਗਈ ਹੌਡਾ ਸਿਟੀ ਕਾਰ ਮੋਗਾ ਨਜ਼ਦੀਕ ਪਿੰਡ ਬੁੱਟਰ ਤੋਂ ਬਰਾਮਦ ਕਰ ਲਈ ਗਈ ਹੈ ਅਤੇ ਕਾਰ ਵਿੱਚੋਂ ਤਿੰਨ ਵੱਖ-ਵੱਖ ਨੰਬਰ ਦੀਆਂ ਜਾਅਲੀ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ ਮੰਨੂ ਪੁੱਤਰ ਜੁਗਰਾਜ ਸਿੰਘ ਅਤੇ ਕਰਮਜੀਤ ਸਿੰਘ ਉਰਫ ਕਰਨ ਪੁੱਤਰ ਸੁਦਾਗਰ ਸਿੰਘ ਵਾਸੀ ਭਿੰਡਰ ਖੁਰਦ ਵਜੋਂ ਹੋਈ ਹੈ। ਦੋਸ਼ੀ ਗੁਰਪ੍ਰੀਤ ਸਿੰਘ ਉੱਪਰ ਪਹਿਲਾਂ ਵੀ ਚਾਰ ਮੁਕੱਦਮੇ ਦਰਜ ਹਨ।
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਸ਼ੀਆਂ ਨੇ ਥਾਣਾ ਸਿਟੀ ਮੋਗਾ ਏਰੀਏ ਤੋਂ ਇੱਕ ਵਿਅਕਤੀ ਨਾਲ ਖੋਹ ਦੀ ਵਾਰਦਾਤ ਕੀਤੀ ਸੀ। ਦੋਸ਼ੀ ਵਾਰਦਾਤਾਂ ਨੂੰ ਜਾਅਲੀ ਨੰਬਰ ਪਲੇਟਾਂ ਲਗਾਕੇ ਅੰਜਾਮ ਦਿੰਦੇ ਆ ਰਹੇ ਸਨ।
ਇੱਥੇ ਦੱਸਣਯੋਗ ਹੈ ਕਿ 16 ਨਵੰਬਰ ਨੂੰ ਪਿੰਡ ਬੱਡੂਵਾਲ ਦੇ ਐਨਆਰਆਈ ਰਾਮ ਸਿੰਘ ਨੂੰ ਉਸ ਵੇਲੇ ਪਿਸਤੌਲ ਦੀ ਨੋਕ ਉੱਤੇ ਲੁੱਟ ਲਿਆ ਗਿਆ ਸੀ ਜਦੋਂ ਉਹ ਪਿੰਡ ਦੇ ਬਾਹਰ ਆਪਣੇ ਪੁਰਖ਼ਿਆਂ ਦੀ ਜਗ੍ਹਾ ਉੱਪਰ ਸਾਫ਼-ਸਫਾਈ ਕਰ ਰਿਹਾ ਸੀ। ਦੋਸ਼ੀ ਉਸਦੇ ਪਹਿਨੀ ਹੋਈ ਸੋਨੇ ਦੀ ਚੇਨ ਅਤੇ ਕੜੇ ਸਮੇਤ ਦੋ ਮੋਬਾਈਲ ਫੋਨ ਖੋਹਕੇ ਫ਼ਰਾਰ ਹੋ ਗਏ ਸਨ।
ਥਾਣਾ ਮੁਖੀ ਗੁਰਮੇਲ ਸਿੰਘ ਦੀ ਅਗਵਾਈ ਹੇਠ ਪੁਲੀਸ ਦੋਸ਼ੀਆਂ ਦੀ ਭਾਲ ਵਿੱਚ ਲੱਗੀ ਹੋਈ ਸੀ। ਇਸ ਮੌਕੇ ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਫ਼ਰਾਰ ਦੋਵੇਂ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
