ਮਾਨਸਾ ’ਚ 81 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਅੱਜ ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਦੇ ਦਫ਼ਤਰ ਵਿੱਚ ਬਿਜਲੀ ਵੰਡ ਦੇ ਨਵੀਨੀਂਕਰਨ ਅਤੇ ਅਪਗ੍ਰੇਡੇਸ਼ਨ ਨਾਲ ਸਬੰਧਤ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। 81 ਕਰੋੜ ਰੁਪਏ ਦੀ ਲਾਗਤ ਵਾਲੇ ਇਨ੍ਹਾਂ ਕੰਮਾਂ ਦਾ ਉਦਘਾਟਨ ‘ਰੋਸ਼ਨ ਪੰਜਾਬ’ ਮੁਹਿੰਮ ਤਹਿਤ ਲੋਕਾਂ ਨੂੰ ਨਿਰੰਤਰ ਬਿਜਲੀ ਪ੍ਰਦਾਨ ਕਰਨ ਦੀ ਸਹੂਲਤ ਆਰੰਭ ਹੋ ਜਾਵੇਗੀ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਖਪਤ ਲਈ ਸਾਰੇ ਘਰੇਲੂ ਖ਼ਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਤਹਿਤ ਲਗਪਗ 90 ਫੀਸਦੀ ਘਰੇਲੂ ਖਪਤਕਾਰਾਂ ਨੂੰ ’ਜ਼ੀਰੋ’ ਬਿਜਲੀ ਬਿਲ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬਿਜਲੀ ਦੀ ਘਾਟ ਨਹੀਂ ਆਉਣ ਦਿਆਂਗੇ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪਿਛਲੇ 8 ਸਾਲਾਂ ਤੋਂ ਬੰਦ ਪਈ ਪਿਛਵਾੜਾ ਕੇਂਦਰੀ ਕੋਇਲਾ ਖਾਣ ਦੀਆਂ ਚੁਣੌਤੀਆਂ ਨੂੰ ਸਫ਼ਲਤਾਪੂਰਵਕ ਪਾਰ ਕਰਦਿਆਂ ਦਸੰਬਰ-2022 ਤੋਂ ਇਸ ਖਾਣ ਤੋਂ ਪਾਵਰ ਕਾਰਪੋਰੇਸ਼ਨ ਦੇ ਤਾਪਘਰਾਂ ਨੂੰ ਕੋਇਲੇ ਦੀ ਸਪਲਾਈ ਸ਼ੁਰੂ ਕਰਵਾਈ ਹੈ, ਜੋ ਆਪਣੇ-ਆਪ ਵਿੱਚ ਵੱਡੀ ਗੱਲ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪੂਰੇ ਜ਼ਿਲ੍ਹੇ ਮਾਨਸਾ ਲਈ 1500 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ, ਜਿਸ ਵਿਚੋਂ ਮਾਨਸਾ ਲਈ 81 ਕਰੋੜ ਰੁਪਏ ਦੀ ਰਕਮ ਖਰਚਣ ਲਈ ਅੱਜ ਦੇ ਉਦਘਾਟਨ ਕੀਤਾ ਗਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਗਰਿੱਡ ਦੇ ਪਾਵਰ ਟ੍ਰਾਂਸਫਾਰਮਰ ਦੀ ਸਮਰੱਥਾ ਵਧਾਈ ਜਾਵੇਗੀ ਅਤੇ ਸ਼ਹਿਰ ਮਾਨਸਾ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਟ੍ਰਾਂਸਫਾਰਮਰ ਲਗਾਏ ਜਾਣਗੇ। ਇਸ ਮੌਕੇ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਜਸਪ੍ਰੀਤ ਸਿੰਘ ਮਾਨ, ਸੁਧੀਰ ਸ਼ਰਮਾ, ਧਰਮਵੀਰ, ਕਮਲਜੀਤ ਸਿੰਘ ਮਾਨ ਤੇ ਗੁਰਬਖ਼ਸ ਸਿੰਘ ਵੀ ਮੌਜੂਦ ਸਨ।