ਜਨਰਲ ਹਾਊਸ ਦੀ ਮੀਟਿੰਗ ਵਿੱਚ 15 ਕਰੋੜ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ
ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਹੋਈ ਜਨਰਲ ਹਾਊਸ ਦੀ ਪੰਜਵੀਂ ਮੀਟਿੰਗ ਵਿੱਚ ਲਗਪੱਗ 15 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਮੀਟਿੰਗ ਵਿੱਚ ਮੇਅਰ ਪਦਮਜੀਤ ਸਿੰਘ ਮਹਿਤਾ, ਕਮਿਸ਼ਨਰ ਕੰਚਨ ਸਣੇ ਸਾਰੇ ਅਧਿਕਾਰੀ ਤੇ ਕੌਂਸਲਰ ਮੌਜੂਦ ਸਨ। ਮੇਅਰ ਮਹਿਤਾ ਅਤੇ ਕਮਿਸ਼ਨਰ ਕੰਚਨ ਨੇ ਦੱਸਿਆ ਕਿ ਵਾਰਡ ਨੰਬਰ-48 ਵਿੱਚ 98 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਬਣਾਉਣ, ਭਾਗੂ ਰੋਡ ’ਤੇ ਸਥਿਤ ਹੈੱਡ ਵਾਟਰ ਵਰਕਸ ਨੂੰ 2.5 ਕਰੋੜ ਰੁਪਏ ਦੀ ਲਾਗਤ ਨਾਲ ਜੋਗਰ ਪਾਰਕ ਵਾਂਗ ਸੈਰਗਾਹ ਵਜੋਂ ਵਿਕਸਤ ਕਰਨ, 70 ਲੱਖ ਰੁਪਏ ਦੀ ਲਾਗਤ ਨਾਲ ਅਜੀਤ ਰੋਡ ’ਤੇ ਸਥਿਤ ਪਾਰਕ ਨੰਬਰ 9ਬੀ ਵਿੱਚ ਸੀਨੀਅਰ ਸਿਟੀਜ਼ਨਾਂ ਲਈ ਲਾਇਬ੍ਰੇਰੀ ਬਣਾਉਣ, 2.5 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਰੋਜ਼ ਗਾਰਡਨ ਚੌਕ ਤੋਂ ਪੁਲੀਸ ਲਾਈਨ ਤੱਕ ਫੁੱਟਪਾਥ ਬਣਾਉਣ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੇਅਰ ਨੇ ਦੱਸਿਆ ਕਿ ਇਸ ਦੇ ਨਾਲ ਹੀ 50 ਲੱਖ ਰੁਪਏ ਦੀ ਲਾਗਤ ਨਾਲ ਰੋਜ਼ ਗਾਰਡਨ ਦੀਆਂ ਸੜਕਾਂ ਨੂੰ ਸੁੰਦਰ ਬਣਾਉਣ ਅਤੇ 1 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਸਟੇਸ਼ਨ ਖੇਤਰ ਦੀਆਂ ਸਾਰੀਆਂ ਸੜਕਾਂ ਨੂੰ ਮੁੜ ਕਾਰਪੋਰੇਟ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਗੂ ਰੋਡ ’ਤੇ ਹੈੱਡ ਵਾਟਰ ਵਰਕਸ ਤੱਕ ਪਾਣੀ ਸਪਲਾਈ ਪਾਈਪਲਾਈਨ ਵਿਛਾਉਣ ਅਤੇ ਟ੍ਰੈਫਿਕ ਸਿਗਨਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਥਾਵਾਂ ’ਤੇ ਬੈਟਰੀ ਬੈਂਕ ਲਗਾਉਣ ਦੇ ਪ੍ਰਸਤਾਵ ਨੂੰ ਵੀ ਵਿਚਾਰ-ਵਟਾਂਦਰੇ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਕਤ ਮੀਟਿੰਗ ਵਿੱਚ ਤਰਸ ਦੇ ਆਧਾਰ ’ਤੇ ਤਰੱਕੀ ਦੇ ਕੇਸਾਂ ’ਤੇ ਵੀ ਵਿਚਾਰ ਕੀਤਾ ਗਿਆ, ਜਦੋਂ ਕਿ ਆਮ ਆਦਮੀ ਕਲੀਨਿਕ ਦਾ ਨਵੀਨੀਕਰਨ ਅਤੇ ਇੱਕ ਨਵਾਂ ਕਲੀਨਿਕ ਬਣਾਉਣ ਦਾ ਪ੍ਰਸਤਾਵ ਵੀ ਹਾਊਸ ਮੀਟਿੰਗ ਵਿੱਚ ਪਾਸ ਕੀਤਾ ਗਿਆ। ਮੇਅਰ ਨੇ ਦੱਸਿਆ ਕਿ ਸ਼ਹਿਰ ਬਠਿੰਡਾ ਦੀ ਸਫ਼ਾਈ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 538 ਸਫਾਈ ਸੇਵਕਾਂ ਅਤੇ 59 ਸੀਵਰਮੈਨਾਂ ਨੂੰ ਨਿਯਮਤ ਆਧਾਰ ’ਤੇ ਭਰਤੀ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਕੂੜੇ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਕਰਨ ਲਈ, 20 ਟਰੈਕਟਰ ਟਰਾਲੀਆਂ ਕਿਰਾਏ ’ਤੇ ਲੈਣ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ, ਜਿਸ ਨਾਲ ਕੂੜੇ ਦੀ ਸਮੱਸਿਆ 100 ਪ੍ਰਤੀਸ਼ਤ ਖਤਮ ਹੋ ਜਾਵੇਗੀ। ਇਸ ਦੌਰਾਨ, ਉਨ੍ਹਾਂ ਨੇ ਟੋ-ਵੈਨ ਦੀ ਸਮੱਸਿਆ ਨੂੰ ਮੁੱਖ ਮੁੱਦੇ ਵਜੋਂ ਰੱਖਦੇ ਹੋਏ ਸਦਨ ਵਿੱਚ ਪ੍ਰਸਤਾਵ ਰੱਖਿਆ। ਮੇਅਰ ਨੇ ਕਿਹਾ ਕਿ ਟੋ-ਵੈਨਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਬਾਰੇ ਸਦਨ ਵਿੱਚ ਮੌਜੂਦ ਸਾਰੇ ਕੌਂਸਲਰਾਂ ਨੇ ਪ੍ਰਸਤਾਵ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਲਈ ਚਾਰ ਮੈਂਬਰੀ ਕਮੇਟੀ ਬਣਾਈ ਜਾਵੇਗੀ। ਮੇਅਰ ਨੇ ਉਨ੍ਹਾਂ ਬਠਿੰਡਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਪੂਰੇ ਬਠਿੰਡਾ ਦੀ ਤਸਵੀਰ ਬਦਲ ਦਿੱਤੀ ਜਾਵੇਗੀ, ਜੋ ਪੰਜਾਬ ਸਮੇਤ ਭਾਰਤ ਦਾ ਇੱਕ ਆਦਰਸ਼ ਸ਼ਹਿਰ ਬਣ ਜਾਵੇਗਾ।