ਬਠਿੰਡਾ ’ਚ ਵਿਕਾਸ ਕਾਰਜ ਜਾਰੀ ਰਹਿਣਗੇ: ਹਰਸਿਮਰਤ
ਪੱਤਰ ਪ੍ਰੇਰਕ
ਬਠਿੰਡਾ, 27 ਅਪਰੈਲ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ ਲਈ ਖਜ਼ਾਨੇ ਦਾ ਮੂੰਹ ਖੋਲ੍ਹਦਿਆਂ ਸਮਾਜ ਸੇਵੀ ਸੰਸਥਾਵਾਂ ਨੂੰ ਲਗਪਗ 55 ਲੱਖ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਵੀ ਹਾਜ਼ਰ ਸਨ। ਬਠਿੰਡਾ ਸੰਸਦ ਨੇ ਸੁਸ਼ਾਂਤ ਸਿਟੀ ਵੈਲਫੇਅਰ ਸੁਸਾਇਟੀ ਨੂੰ ਪਾਣੀ ਦੀ ਟੈਂਕੀ ਲਈ 4.50 ਲੱਖ, ਗਊਸ਼ਾਲਾ ਨੂੰ ਐਬੂਲੈਂਸ ਲਈ 14 ਲੱਖ, ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਸੁਧਾਰ ਟਰੱਸਟ ਨੂੰ ਗੇਟ ਬਣਾਉਣ ਅਤੇ ਕਾਓ ਕੈਚਰ ਲਈ 5 ਲੱਖ, ਨਾਮਦੇਵ ਭਵਨ ਅਤੇ ਰਵਿਦਾਸ ਸਭਾ ਦੇ ਨਵੀਨੀਕਰਨ ਲਈ 5-5 ਲੱਖ, ਬ੍ਰਾਹਮਣ ਸਭਾ ਨੂੰ ਭਵਨ ਬਣਾਉਣ ਲਈ 10 ਲੱਖ, ਨਹਿਰ ਪਾਰਕ ਲਈ ਬੈਂਚ, ਜਿਮ, ਝੂਲੇ ਅਤੇ ਸੋਲਰ ਲਾਈਟਾਂ ਲਈ 4 ਲੱਖ, ਅੰਬੇਡਕਰ ਭਵਨ ਦੀ ਉਸਾਰੀ ਲਈ 5 ਲੱਖ ਅਤੇ ਟਰੀ ਲਵਰ ਸੋਸਾਇਟੀ ਨੂੰ ਪੌਦਿਆਂ ਦੀ ਦੇਖਭਾਲ ਲਈ 2 ਲੱਖ ਰੁਪਏ ਦਿੱਤੇ ਗਏ। ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਸੰਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਬਠਿੰਡਾ ਵਿੱਚ ਵੱਡੇ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ ਅਤੇ ਭਵਿੱਖ ਵਿੱਚ ਵੀ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਾਏ ਜਾਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਹਲਕਾ ਇੰਚਾਰਜ ਬਬਲੀ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ਼ਹਿਰ ਦੇ ਵਿਕਾਸ ਲਈ ਸਮਰਪਿਤ ਰਹੇਗਾ। ਇਸ ਮੌਕੇ ਕੁਲਦੀਪ ਸਿੰਘ ਨੰਬਰਦਾਰ, ਇੰਦਰਜੀਤ ਸਿੰਘ, ਸੋਹਨ ਲਾਲ, ਪੰਕਜ ਭਾਰਦਵਾਜ, ਸ਼ਾਮ ਸ਼ਰਮਾ ਆਦਿ ਹਾਜ਼ਰ ਸਨ।