ਘੱਗਰ ’ਚ ਪਾਣੀ ਘਟਣ ਦੇ ਬਾਵਜੂਦ ਲੋਕਾਂ ’ਚ ਸਹਿਮ
ਘੱਗਰ ਵਿੱਚ ਵਗ ਰਹੇ ਪਾਣੀ ਦਾ ਪੱਧਰ ਭਾਵੇਂ ਅੱਜ ਸ਼ਾਮ ਨੂੰ ਘੱਟ ਗਿਆ ਹੈ ਪਰ ਕਿਨਾਰਿਆਂ ਦੁਆਲੇ ਵਸੇ ਦਰਜਨਾਂ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਹੋ ਵੱਧ ਗਿਆ ਹੈ। ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਇਲਾਕੇ ਦੀਆਂ ਪੰਚਾਇਤਾਂ ਨੂੰ ਨਾਲ ਲੈਕੇ ਬੰਨ੍ਹਾਂ ਦਾ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ। ਬੇਸ਼ੱਕ ਪਿੱਛੋਂ ਹੋਰ ਪਾਣੀ ਆਉਣ ਦੀਆਂ ਲੋਕਾਂ ਨੂੰ ਇਤਲਾਹਾਂ ਦਿੱਤੀਆਂ ਜਾ ਰਹੀਆਂ ਹਨ, ਪਰ ਇਸਦੇ ਬਾਵਜੂਦ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਬੁੱਧ ਰਾਮ ਵੱਲੋਂ ਲੋਕਾਂ ਦੀ ਹੌਸਲਾ ਅਫ਼ਜਾਈ ਲਈ ਪਿੰਡਾਂ ਵਿੱਚ ਨਿਰੰਤਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅੱਜ ਕੁਦਰਤੀ ਆਫ਼ਤ ਦੀ ਇਸ ਘੜੀ ਵਿੱਚ ਇਲਾਕੇ ਦੇ ਸਾਰੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਕੇ ਇੱਕਜੁੱਟ ਹੋਕੇ ਆਫ਼ਤ ਦਾ ਸਾਹਮਣਾ ਕਰਨ ਦਾ ਸੱਦਾ ਦਿੱਤਾ ਹੈ। ਬਣਾਂਵਾਲੀ ਵਿਧਾਇਕ ਨੇ ਮੋਟਰਸਾਈਕਲ ਉਤੇ ਘੱਗਰ ਦੇ ਕਿਨਾਰਿਆਂ ਦੀ ਮਜ਼ਬੂਤੀ ਦਾ ਜਾਇਜ਼ਾ ਲਿਆ। ਉਧਰ ਵਿਧਾਇਕ ਬੁੱਧ ਰਾਮ ਵੱਲੋਂ ਬੁਢਲਾਡਾ ਹਲਕੇ ਦੇ ਪਿੰਡ ਜਲਵੇੜਾ,ਕਾਹਨਗੜ੍ਹ, ਖੁਡਾਲ ਕਲਾਂ, ਖੱਤਰੀਵਾਲਾ, ਮੰਢਾਲੀ ਅਤੇ ਅੱਕਾਂਵਾਲੀ ਪਿੰਡਾਂ ਦਾ ਦੌਰਾ ਕੀਤਾ। ਦੂਜੇ ਪਾਸੇ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਪਿੰਡ ਆਲਮਪੁਰ ਮੰਦਰਾਂ, ਜ਼ੋਈਆਂ, ਟਾਹਲੀਆਂ, ਅੱਕਾਂਵਾਲੀ ਅਤੇ ਸਰਦੂਲਗੜ੍ਹ ਹਲਕੇ ਦੇ ਪਿੰਡ ਚਹਿਲਾਂਵਾਲੀ, ਦਲੇਲ ਵਾਲਾ, ਕਾਸਮਪੁਰ ਛੀਨਾ,ਕੋਰਵਾਲਾ, ਭੰਮੇ ਸਮੇਤ ਘੱਗਰ ਦਰਿਆ ਦੇ ਦੋਨੋਂ ਪਾਸੇ ਵਸੇ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਪਏ ਹਨ।
ਘੱਗਰ ’ਚ ਹੜ੍ਹ ਦਾ ਖਤਰਾ ਬਰਕਾਰ
ਸਿਰਸਾ/ਕਾਲਾਂਵਾਲੀ (ਪ੍ਰਭੂ ਦਿਆਲ/ਭੁਪਿੰਦਰ ਪੰਨੀਵਾਲੀਆ): ਘੱਗਰ ’ਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਭਾਵੇਂ ਓਟੂ ਵੀਅਰ ਤੋਂ ਰਾਜਸਥਾਨ ਲਈ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ ਪਰ ਹਾਲੇ ਹੜ੍ਹ ਦਾ ਖਤਰਾ ਹਾਲੇ ਵੀ ਬਰਕਾਰ ਹੈ। ਘੱਗਰ ਦੇ ਬੰਨ੍ਹਾਂ ਦੇ ਅੰਦਰਲੇ ਪਾਸੇ ਬਣੇ ਕਈ ਆਰਜ਼ੀ ਬੰਨ੍ਹ ਟੁੱਟਣ ਕਾਰਨ ਸੈਂਕੜੇ ਕਿੱਲੋਂ ਝੋਨੇ ਦੀ ਫ਼ਸਲ ਨੁਕਸਾਨੀ ਜਾ ਚੁੱਕੀ ਹੈ। ਕਿਸਾਨ ਤੇ ਪ੍ਰਸ਼ਾਸਨਿਕ ਅਧਿਕਾਰੀ ਘੱਗਰ ਦੇ ਬੰਨ੍ਹਾਂ ’ਤੇ ਦਿਨ ਰਾਤ ਪਹਿਰਾ ਲਾਉਣ ਲਈ ਮਜਬੂਰ ਹੋ ਰਹੇ ਹਨ। ਘੱਗਰ ’ਚ ਪਾਣੀ ਦਾ ਪੱਧਰ ਹਾਲੇ ਵੀ ਵੱਧ ਰਿਹਾ ਹੈ ਜਿਸ ਕਾਰਨ ਘੱਗਰ ਦੇ ਕੰਢੇ ਵਸੇ ਦੋ ਦਰਜਨ ਤੋਂ ਜ਼ਿਆਦਾ ਪਿੰਡਾਂ ’ਚ ਹੜ੍ਹ ਦਾ ਖਤਰਾ ਹਾਲੇ ਟਲਿਆ ਨਹੀਂ। ਪਿੰਡਾਂ ਦੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਨਾਲ ਜਿਥੇ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਲੱਗੇ ਹੋਏ ਹਨ ਉਥੇ ਹੀ ਪ੍ਰਸ਼ਸਾਨ ਵੱਲੋਂ ਜੇਸੀਬੀ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਬਿਜਲੀ ਵਿਭਾਗ ਵੱਲੋਂ ਬੰਨ੍ਹਾਂ ’ਤੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਕਾਰਨ ਬੰਨ੍ਹਾਂ ’ਤੇ ਮਿੱਟੀ ਪਾਉਣ ਦਾ ਕੰਮ ਔਖਾ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਖਾਲ੍ਹੀ ਜ਼ਮੀਨ ਨਾ ਹੋਣ ਕਾਰਨ ਮਿੱਟੀ ਨਹੀਂ ਮਿਲ ਰਹੀ ਹੈ। ਘੱਗਰ ਨਦੀ ਵਿੱਚ ਆਏ ਪਾਣੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਪਿੰਡ ਮੱਤੜ, ਲਹਿੰਗੇਵਾਲਾ ਤੇ ਰੰਗਾ ਆਦਿ ਪਿੰਡਾਂ ਦੇ ਲੋਕਾਂ ਵੱਲੋਂ ਘੱਗਰ ਨਦੀ ਦੇ ਬੰਨ੍ਹਾਂ ’ਤੇ ਮਿੱਟੀ ਨਾਲ ਬੋਰੀਆਂ ਮਜਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਪਿੰਡ ਮੱਤੜ ਦੇ ਸਰਪੰਚ ਅਜਾਇਬ ਸਿੰਘ, ਪਿੰਡ ਲਹਿੰਗੇਵਾਲਾ ਦੇ ਸਰਪੰਚ ਮੱਖਣ ਸਿੰਘ ਅਤੇ ਪਿੰਡ ਰੰਗਾ ਦੇ ਸਰਪੰਚ ਕਰਮਜੀਤ ਸਿੰਘ, ਪਟਵਾਰੀ ਦਿਗਵਿਜੇ ਸਿੰਘ ਆਦਿ ਨੇ ਦੱਸਿਆ ਕਿ ਭਾਵੇਂ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਥੋੜ੍ਹਾ ਘਟਣਾ ਸ਼ੁਰੂ ਹੋ ਗਿਆ ਹੈ, ਪਰ ਫਿਰ ਵੀ ਇਸ ’ਤੇ ਮਿੱਟੀ ਪਾ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਹੁਣ ਵੀ ਜਾਰੀ ਹੈ।