ਵਣੀ ਨੂੰ ਸਬ-ਤਹਿਸੀਲ ਬਣਾਉਣ ਦੀ ਮੰਗ
ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਯੂਥ ਇਨੈਲੋ ਦੇ ਸੂਬਾਈ ਜਨਰਲ ਸਕੱਤਰ ਜਰਨੈਲ ਸਿੰਘ ਚੰਦੀ ਨੇ ਹਰਿਆਣਾ ਸਰਕਾਰ ਨੂੰ ਇੱਕ ਮੰਗ ਪੱਤਰ ਭੇਜ ਕੇ ਰਾਣੀਆਂ ਤਹਿਸੀਲ ਦੇ ਪ੍ਰਮੁੱਖ ਪਿੰਡ ਵਣੀ ਨੂੰ ਸਬ-ਤਹਿਸੀਲ ਬਣਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਬਚੇਰ ਰਾਣੀਆਂ ਤਹਿਸੀਲ ਤੋਂ 35 ਕਿਲੋਮੀਟਰ, ਵਣੀ 25 ਕਿਲੋਮੀਟਰ, ਨਥੌਰ 27 ਕਿਲੋਮੀਟਰ ਅਤੇ ਕਰੀਵਾਲਾ 20 ਕਿਲੋਮੀਟਰ ਦੂਰ ਹੈ। ਲੋਕਾਂ ਨੂੰ ਜ਼ਮੀਨਾਂ ਦੀਆਂ ਰਜਿਸਟਰੀਆਂ ਅਤੇ ਹੋਰ ਕੰਮਾਂ ਲਈ ਰਾਣੀਆਂ ਜਾਣਾ ਪੈਂਦਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਅਸੁਵਿਧਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਣੀ, ਬਚੇਰ, ਨਥੌਰ, ਸੈਨਪਾਲ, ਮੰਮੜ ਖੇੜਾ, ਬਾਹੀਆ ਢੁੱਡੀਆਂਵਾਲੀ, ਮੱਤੂਵਾਲਾ, ਸਾਦੇਵਾਲਾ, ਕੇਹਰਵਾਲਾ, ਕਰੀਵਾਲਾ ਅਤੇ ਹਾਰਨੀ ਖੁਰਦ ਆਦਿ ਪਿੰਡਾਂ ਨੂੰ ਮਿਲਾ ਕੇ ਇੱਕ ਸਬ-ਤਹਿਸੀਲ ਬਣਾਈ ਜਾ ਸਕਦੀ ਹੈ। ਇਨ੍ਹਾਂ ਪਿੰਡਾਂ ਨੂੰ ਮਿਲਾ ਕੇ ਵਣੀ ਨੂੰ ਇੱਕ ਸਬ-ਤਹਿਸੀਲ ਬਣਾਉਣ ਲਈ ਲਈ ਸਾਰੇ ਸਰਕਾਰੀ ਮਾਪਦੰਡ ਪੂਰੇ ਹੁੰਦੇ ਹਨ। ਸਬ-ਤਹਿਸੀਲ ਵਿੱਚ ਇੱਕ ਨਾਇਬ ਤਹਿਸੀਲਦਾਰ, ਕਾਨੂੰਨਗੋ ਅਤੇ ਸਬੰਧਤ ਪਿੰਡਾਂ ਦੇ ਪਟਵਾਰੀ ਹੋਣਗੇ,ਜਿਸ ਨਾਲ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਪੂਰੀ ਤਰ੍ਹਾਂ ਕਵਰ ਕੀਤੇ ਜਾ ਸਕਦੇ ਹਨ। ਜਰਨੈਲ ਸਿੰਘ ਨੇ ਕਿਹਾ ਕਿ ਵਣੀ ਦੇ ਸਬ-ਤਹਿਸੀਲ ਬਣਨ ਨਾਲ ਰਾਣੀਆਂ ਦਾ ਵੀ ਸਬ-ਡਿਵੀਜ਼ਨ ਬਣਨ ਦਾ ਦਾਅਵਾ ਮਜ਼ਬੂਤ ਹੋਵੇਗਾ।
