ਪੰਜਾਬ ’ਵਰਸਿਟੀ: ਸੈਨੇਟ ਬਹਾਲੀ ਲਈ ਰੈਲੀ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਖ਼ਿਲਾਫ਼ ਅਤੇ ਸੈਨੇਟ ਚੋਣਾਂ ਬਹਾਲ ਕਰਵਾਉਣ ਦੀ ਮੰਗ ਲੈ ਕੇ ਇੱਥੇ ਰਿਜਨਲ ਸੈਂਟਰ ਵਿੱਚ ਅੱਜ ਰੈਲੀ ਕੀਤੀ ਗਈ।
ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਕਥਿਤ ਤੌਰ ’ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 91 ਮੈਂਬਰੀ ਸੈਨੇਟ ਭੰਗ ਕਰ ਦਿੱਤੀ ਸੀ ਅਤੇ ਉਸ ਦਾ ਰੂਪ ਬਦਲ ਕੇ ਪੰਜਾਬ ਯੂਨੀਵਰਸਿਟੀ ਦਾ ਪੂਰੀ ਤਰ੍ਹਾਂ ਕੇਂਦਰੀਕਰਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਦੇ ਇਸ ਕਦਮ ਖ਼ਿਲਾਫ਼ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਲਗਾਤਾਰ ਮੋਰਚਾ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਮੋਰਚੇ ਦੇ ਦਬਾਅ ਅਤੇ ਪੰਜਾਬ ਭਰ ਦੀਆਂ ਜਥੇਬੰਦੀਆਂ ਵੱਲੋਂ ਕੇਂਦਰੀਕਰਨ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੇ ਜਾਣ ਸਦਕਾ ਇੱਕ ਵਾਰ ਕੇਂਦਰੀ ਹਕੂਮਤ ਨੂੰ ਨੋਟੀਫਿਕੇਸ਼ਨ ਵਾਪਿਸ ਲੈਣਾ ਪੈ ਗਿਆ ਹੈ, ਪ੍ਰੰਤੂ ਹੁਣ ਸੈਨੇਟ ਚੋਣਾਂ ਦਾ ਪ੍ਰੋਗਰਾਮ ਜਾਰੀ ਨਹੀਂ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਮੋਰਚਾ ਜਾਰੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਰੈਲੀ ਰਾਹੀਂ ਸੈਨੇਟ ਚੋਣਾਂ ਬਹਾਲ ਕਰਨ, ਸਿੱਖਿਆ ਦਾ ਕੇਂਦਰੀਕਰਨ, ਨਿੱਜੀਕਰਨ ਅਤੇ ਫ਼ਿਰਕੂਕਰਨ ਦੀ ਨੀਤੀ ਰੱਦ ਕਰਨ, ਨਵੀਂ ਸਿੱਖਿਆ ਨੀਤੀ ਰੱਦ ਕਰਨ, ਸਿੱਖਿਆ ਖੇਤਰ ਲਈ ਲੋੜੀਂਦੇ ਬਜਟ/ ਗਰਾਂਟਾਂ ਜਾਰੀ ਕਰਨ ਵਰਗੀਆਂ ਮੰਗਾਂ ਬਾਰੇ ਆਵਾਜ਼ ਬੁਲੰਦ ਕਰਨਾ ਸਮੇਂ ਦੀ ਸਖ਼ਤ ਲੋੜ ਬਣ ਗਈ ਹੈ।
ਅੱਜ ਦੇ ਪ੍ਰੋਗਰਾਮ ਨੂੰ ਵਿਦਿਆਰਥੀ ਆਗੂ ਤਰਸੇਮ, ਕ੍ਰਿਸ਼ਨਾ ਅਤੇ ਨਵਜੋਤ ਨੇ ਵੀ ਸੰਬੋਧਨ ਕੀਤਾ।
