ਪਦ-ਉੱਨਤ ਲੈਕਚਰਾਰਾਂ ਨੂੰ ਤੁਰੰਤ ਸਟੇਸ਼ਨਾਂ ਦੀ ਚੋਣ ਕਰਵਾਉਣ ਦੀ ਮੰਗ
ਪਦ-ਉੱਨਤ ਲੈਕਚਰਾਰ ਫਰੰਟ ਪੰਜਾਬ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮਾਸਟਰ ਕੇਡਰ ਤੋਂ ਲੈਕਚਰਾਰ ਕੇਡਰ ਵਿੱਚ ਤਰੱਕੀ ਹੋਣ ਵਾਲੇ ਅਧਿਆਪਕਾਂ ਨੂੰ ਤੁਰੰਤ ਸਟੇਸ਼ਨ ਚੋਣ ਦੀ ਸੁਵਿਧਾ ਦਿੱਤੀ ਜਾਵੇ। ਇਸ ਸਬੰਧੀ ਦਰਸ਼ਨਪਾਲ, ਕਪਿਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਹੋਈ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਲਗਪਗ ਦੋ ਮਹੀਨੇ ਪਹਿਲਾਂ 1250 ਅਧਿਆਪਕਾਂ ਦੀ ਪ੍ਰਮੋਸ਼ਨ ਲਿਸਟ ਜਾਰੀ ਕੀਤੀ ਗਈ ਸੀ ਪਰ ਬਦਲੀਆਂ ਦੀ ਪ੍ਰਕਿਰਿਆ ਕਾਰਨ ਅਜੇ ਤੱਕ ਸਟੇਸ਼ਨ ਚੋਣ ਨਹੀਂ ਹੋਈ।
ਫਰੰਟ ਨੇ ਆਖਿਆ ਕਿ ਇਸ ਕਾਰਨ ਗਿਆਰਵੀ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਅਧਿਆਪਕ ਨਿਰਾਸ਼ ਹਨ। ਇਸ ਲਈ ਪੰਜਾਬ ਸਰਕਾਰ, ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਹੈ ਕਿ ਪਦ-ਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਲਈ ਮੌਕਾ ਦਿੱਤਾ ਜਾਵੇ। ਇਸ ਮੌਕੇ ਆਗੂ ਰਸ਼ਵਿੰਦਰ ਰਾਮ, ਨਵਦੀਪ ਸਿੰਘ, ਇੰਦਰਜੀਤ ਸਿੰਘ, ਬਲਜੀਤ ਸਿੰਘ, ਵੀਰ ਸਿੰਘ, ਸ਼ੰਮੀ ਸ਼ਰਮਾ, ਵਿਜੇ ਕੁਮਾਰ, ਦੀਪਕ ਕੁਮਾਰ, ਮਨੀਸ਼ ਕੌਰ, ਜਗਦੀਪ ਕੌਰ, ਬੱਗਾ ਸਿੰਘ, ਅਮਰਿੰਦਰ ਸਿੰਘ, ਅੰਜੂ ਬਾਲਾ ਅਤੇ ਸੀਮਾ ਰਾਣੀ ਆਦਿ ਨੇ ਹਿੱਸਾ ਲਿਆ। ਫਰੰਟ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਪਵੇਗਾ।