ਮਜ਼ਦੂਰਾਂ ਦੇ ਮੁਆਵਜ਼ੇ ਲਈ ਸੰਘਰਸ਼ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਹੜ੍ਹਾਂ ਤੇ ਮੀਂਹਾਂ ਕਾਰਨ ਸੰਕਟ ਵਿੱਚ ਫ਼ਸੇ ਮਜ਼ਦੂਰਾਂ ਨੂੰ ਮੁਆਵਜ਼ੇ ਦਾ ਐਲਾਨ ਨਾ ਕਰਨ ਖ਼ਿਲਾਫ਼ ਪਿੰਡਾਂ ਅੰਦਰ ਭਲਕੇ ਤੋਂ ਕੇਂਦਰ ਤੇ ‘ਆਪ’ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਇਹ ਐਲਾਨ ਅੱਜ ਇਥੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਾਰੀ ਪੱਕੇ ਮਜ਼ਦੂਰ ਮੋਰਚਾ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ ਭਾਵੇਂ ਹੜ੍ਹ ਪੀੜਤਾਂ ਲਈ ਵੱਡੇ ਫੈਸਲੇ ਹਨ ਪਰ ਪੰਜਾਬ ਦੇ ਮਜ਼ਦੂਰ ਲਈ ਕੋਈ ਵੀ ਰਾਹਤ ਵਾਲਾ ਨਿਰਣਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਦੀ ਮਨਰੇਗਾ ਮਜ਼ਦੂਰਾਂ ਦੇ ਕੰਮ ਬੰਦ ਕਰਕੇ ਲੋੜਵੰਦ ਪਰਿਵਾਰਾਂ ਨਾਲ ਧੱਕਾ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਾਂ ’ਚ ਮਰੀਆਂ ਫਸਲਾਂ ਦਾ 20 ਹਜ਼ਾਰ ਪ੍ਰਤੀ ਏਕੜ ਦੇਣਾ ਅਤੇ ਬੇਜ਼ਮੀਨਿਆਂ ਨੂੰ ਨਜ਼ਰਅੰਦਾਜ਼ ਕਰਕੇ ਮੁੱਖ ਮੰਤਰੀ ਮਾਨ ਨੇ ਹੜ੍ਹਾਂ ’ਚ ਡੁੱਬੇ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਘਰੋਂ ਬੇਘਰ ਹੋਏ ਦਲਿਤ ਸਮਾਜ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਤੇ ਮੀਂਹ ਕਾਰਨ ਫਸਲਾਂ ਦੇ ਨਾਲ ਦਲਿਤਾਂ ਦੇ ਘਰਾਂ ਦਾਂ ਵੀ ਵੱਡਾ ਨੁਕਸਾਨ ਹੋਇਆ ਹੈ ਪਰ ’ਆਪ’ ਸਰਕਾਰ ਨੇ ਹੜ੍ਹ ਤੇ ਮੀਂਹ ਕਾਰਨ ਸੰਕਟ ਫ਼ਸੇ ਦਲਿਤਾਂ ਨੂੰ ਮੁਆਵਜ਼ੇ ਲਈ ਇੱਕ-ਦੁੱਕੀ ਵੀ ਨਹੀਂ ਰੱਖੀ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਲਗਾਤਾਰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਇਸ ਮੌਕੇ ਜਰਨੈਲ ਸਿੰਘ ਮਾਨਸਾ,ਗੁਰਜੰਟ ਸਿੰਘ ਫਫੜੇ, ਸੋਨੂ ਸਿੰਘ ਝੱਬਰ ਨੇ ਵੀ ਸੰਬੋਧਨ ਕੀਤਾ।
ਡੀ ਟੀ ਐੱਫ ਵੱਲੋਂ ਮਜ਼ਦੂਰਾਂ ਵਿਸਾਰਨ ਦੀ ਨਿਖੇਧੀ
ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਅਮਲੋਕ ਡੇਲੂਆਣਾ ਵੱਖਰੇ ਤੌਰ ’ਤੇ ਕਿਹਾ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਪੰਜਾਬ ਸਰਕਾਰ ਵੱਲੋਂ ਸਹਾਇਤਾ ਕਰਨ ਦਾ ਐਲਾਨ ਜਿੱਥੇ ਚੰਗਾ ਅਤੇ ਸ਼ਲਾਘਾਯੋਗ ਕਦਮ ਹੈ, ਉਥੇ ਹੀ ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਪਿੰਡਾਂ ’ਚ ਜਲਦੇ ਲਘੂ ਉਦਯੋਗ ਨਾਲ ਸਬੰਧਤ ਉਦਮੀਆਂ ਨੂੰ ਬਿਲਕੁਲ ਹੀ ਵਿਸਾਰਨਾ ਬੇਹੱਦ ਨਿੰਦਣਯੋਗ ਵਰਤਾਰਾ ਹੈ।