ਕੋਆਪ੍ਰੇਟਿਵ ਬੈਂਕ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਫੈਸਲਾ
ਸਹਿਕਾਰੀ ਬੈਂਕ ਤਪਾ ਦੇ ਬੈਂਕ ਦੇ ਮੁਖ ਗੇਟ ’ਤੇ ਨੋਟਿਸ ਚਿਪਕਾ ਦਿੱਤਾ ਹੈ ਕਿ ਦਸੰਬਰ ਤੋਂ ਅਗਲੇ ਹੁਕਮਾਂ ਤੱਕ ਬੈਂਕ ਦਾ ਕਾਰੋਬਾਰ ਠੱਪ ਰਹੇਗਾ। ਬੈਂਕ ਬੰਦ ਰੱਖਣ ਦਾ ਕਾਰਨ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਬੈਂਕ ਕਰਮਚਾਰੀਆਂ ਦੀਆਂ ਡੀਊਟੀਆਂ ਲਾਉਣਾ ਦੱਸਿਆ ਗਿਆ ਹੈ। ਇਹ ਨੋਟਿਸ ਪੜ੍ਹ ਕੇ ਕਿਸਾਨ ਫਿਕਰਮੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਬੈਂਕ ਵਿਚੋਂ ਹਾੜ੍ਹੀ ਦੀਆਂ ਫਸਲਾਂ ਬੀਜਣ ਲਈ ਕਰਜ਼ੇ ਦੀ ਸਹੂਲਤ ਹਾਸਲ ਕਰਨੀ ਔਖੀ ਹੋ ਗਈ ਹੈ। ਕਿਸਾਨ ਰੂਪ ਸਿੰਘ ਮੌੜ ਨੇ ਦੱਸਿਆ ਕਿ ਉਹ ਕਿਸਾਨ ਜਿਨ੍ਹਾਂ ਦਾ ਦਾਰੋ ਮਦਾਰ ਬੈਂਕ ਕਰਜ਼ੇ ’ਤੇ ਹੀ ਨਿਰਭਰ ਹੈ ਉਨ੍ਹਾਂ ਦੀ ਬਿਜਾਈ ਪਛੜ ਜਾਵੇਗੀ। ਉਸ ਨੇ ਦੱਸਿਆ ਕਿ ਇਹ ਚੋਣ ਪਕਿਰਿਆ 14 ਦਸੰਬਰ ਤੱਕ ਜਾਰੀ ਰਹੇਗੀ। ਕਿਸਾਨ ਆਗੂ ਨੇ ਮੰਗ ਕੀਤੀ ਕਿ ਸਹਿਕਾਰੀ ਬੈਂਕਾਂ ਨੂੰ ਤੁਰੰਤ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਜਾਣ। ਦਿ ਸੰਗਰੂਰ ਸੈਂਟਰਲ ਕੋਆਪ੍ਰੇਟਿਵ ਬੈਂਕ ਬਰਾਂਚ ਤਪਾ ਦੇ ਅੱਜ ਬੰਦ ਰਹਿਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਮੁਲਾਜ਼ਮਾਂ ਵੱਲੋਂ ਬੈਂਕ ਬੰਦ ਸਬੰਧੀ ਬੈਂਕ ਦੇ ਬਾਹਰ ਨੋਟਿਸ ਲਗਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਗਈ ਪਰ ਬਹੁਤੇ ਕਿਸਾਨ ਇਹ ਨੋਟਿਸ ਪੜ੍ਹਨ ਤੋਂ ਵਾਂਝੇ ਰਹੇ, ਜਿਸ ਕਰਕੇ ਕਿਸਾਨਾਂ ਨੂੰ ਬਿਨਾਂ ਆਪਣਾ ਕੰਮ ਕੀਤਿਆ ਪਿੰਡਾਂ ਨੂੰ ਵਾਪਸ ਪਰਤਣਾ ਪਿਆ ਜਦ ਕਿ ਜ਼ਿਲ੍ਹੇ ਅਧੀਨ ਆਉਂਦੀਆਂ ਹੋਰ ਸਾਰੀਆਂ ਬੈਂਕ ਖੁੱਲ੍ਹੇ ਹਨ। ਦੱਸ ਦਈਏ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਰਾਜ ਚੋਣ ਕਮਿਸ਼ਨ ਐਕਟ, 1994 ਦੀ ਧਾਰਾ 129 ਦੇ ਉਪਬੰਧਾਂ ਦੇ ਮੱਦੇਨਜ਼ਰ, ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਨੂੰ ਚੋਣ ਡਿਊਟੀ ਲਈ ਤਾਇਨਾਤ ਨਹੀਂ ਕੀਤਾ ਜਾ ਸਕਦਾ, ਫਿਰ ਵੀ ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਨੂੰ ਚੋਣ ਡਿਊਟੀ ਲਈ ਬੁਲਾਇਆ ਜਾ ਰਿਹਾ ਹੈ। ਜਦ ਇਸ ਸਬੰਧੀ ਚੋਣ ਅਧਿਕਾਰੀ ਆਯੂਸ਼ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪਤਾ ਕਰਵਾਉਂਦੇ ਹਨ।
