ਬਰਨਾਲਾ ’ਚ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਦਾ ਫ਼ੈਸਲਾ
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ ‘ਇਨਕਲਾਬੀ ਰੰਗ ਮੰਚ ਦਿਹਾੜਾ' ਤਰਕਸ਼ੀਲ ਭਵਨ ਬਰਨਾਲਾ ਵਿੱਚ 27 ਸਤੰਬਰ 11 ਵਜੇ ਮਨਾਇਆ ਜਾਏਗਾ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਦਿੱਲੀ ਹਾਈ ਕੋਰਟ ਦੇ ਸੀਨੀਅਰ ਵਕੀਲ ਵਰਿੰਦਾ ਗਰੋਵਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਪ੍ਰੋ. ਅਤੁਲ ਸੂਦ, ਜਮਹੂਰੀ ਸਮਾਜਿਕ ਕਾਰਕੁਨ ਡਾ. ਨਵਸ਼ਰਨ ਇਸ ਸਮਾਗਮ ਦੇ ਵਕਤਾ ਹੋਣਗੇ। ਸਮਾਗਮ ਦਾ ਆਗਾਜ਼ ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ) ਦੇ ਗੀਤ ਸੰਗੀਤ ਨਾਲ਼ ਹੋਏਗਾ।
ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ 'ਮੇਰਾ ਰੰਗ ਦੇ ਬਸੰਤੀ ਚੋਲਾ' ਨਾਟਕ ਪੇਸ਼ ਹੋਏਗਾ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦਾ ਨਾਟਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਦੇ 'ਚ 'ਧਰਤ ਵੰਗਾਰੇ ਤਖ਼ਤ ਨੂੰ' ਹੋਵੇਗਾ।
ਇਸ ਸਬੰਧੀ ਤਰਕਸ਼ੀਲ ਭਵਨ ਬਰਨਾਲਾ ਵਿੱਚ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਪਲਸ ਮੰਚ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਰਾਮ ਕੁਮਾਰ ਭਦੌੜ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਰਾਜਿੰਦਰ ਭਦੌੜ, ਗੁਰਪ੍ਰੀਤ ਸਿੰਘ ਰੂੜੇਕੇ, ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੇ ਅਮਿਤ ਮਿੱਤਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਬਰਨਾਲਾ ਇਕਾਈ ਦੇ ਆਗੂ ਸੋਹਣ ਸਿੰਘ ਮਾਝੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਦੇਵ ਸਿੰਘ ਮਾਂਗੇਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਚਮਕੌਰ ਸਿੰਘ ਨੈਣੇਵਾਲ, ਕੰਵਲਜੀਤ ਕੌਰ ਬਰਨਾਲਾ, ਇਨਕਲਾਬੀ ਕੇਂਦਰ ਪੰਜਾਬ ਦੇ ਨਰਾਇਣ ਦੱਤ ਤੇ ਡਾ. ਰਜਿੰਦਰ ਪਾਲ, ਡੀਟੀਐੱਫ ਪੰਜਾਬ ਵੱਲੋਂ ਰਾਜੀਵ ਕੁਮਾਰ ਤੇ ਪਾਵਰਕਾਮ ਪੈਨਸ਼ਨਰਜ ਯੂਨੀਅਨ ਵੱਲੋਂ ਮੋਹਣ ਸਿੰਘ ਸ਼ਾਮਲ ਹੋਏ।