ਗ਼ਦਰੀ ਬਚਨ ਸਿੰਘ ਘੋਲੀਆ ਦੀ ਬਰਸੀ ਮਨਾਈ
ਭਾਰਤੀ ਕਮਿਊਨਿਸਟ ਪਾਰਟੀ ਨੇ ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੀ 42ਵੀਂ ਬਰਸੀਂ ਉਨ੍ਹਾਂ ਦੇ ਪਿੰਡ ਘੋਲੀਆ ਵਿੱਚ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸੈਮੀਨਾਰ ਕਰ ਕੇ ਮਨਾਈ। ਇਸ ਮੌਕੇ ਸੇਵਾਮੁਕਤ ਸੀਨੀਅਰ ਮੈਡੀਕਲ ਅਫ਼ਸਰ ਇੰਦਰਵੀਰ ਗਿੱਲ ਨੇ ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਘੋਲੀਆ ਨੇ ਹੁਕਮਰਾਨਾਂ ਵਿਰੁੱਧ ਕਿਸਾਨਾਂ ਨੂੰ ਲਾਮਬੰਦ ਕੀਤਾ ਤੇ ਆਪਣੇ ਵਿਧਾਇਕ ਦੇ ਕਾਰਜਕਾਲ ਦੌਰਾਨ ਪਹਿਲੀ ਤਾਕਤ ਮੁਜ਼ਾਰਿਆਂ (ਕਿਸਾਨਾਂ) ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲੇਖੇ ਲਾਈ।
ਸੀ ਪੀ ਆਈ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਅਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਸਕੱਤਰ ਜਗਜੀਤ ਸਿੰਘ ਧੂੜਕੋਟ ਨੇ ਕਿਹਾ ਕਿ ਬਾਬਾ ਬਚਨ ਸਿੰਘ ਘੋਲੀਆ ਦੀ ਵਿਚਾਰਧਾਰਾ ਹੀ ਕਿਰਤੀਆਂ ਦਾ ਭਲਾ ਕਰ ਸਕਦੀ ਹੈ।
ਕਾਮਰੇਡ ਜਗਰੂਪ ਨੇ ਕਿਹਾ ਕਿ ਕਿ ਸਾਨੂੰ ਗ਼ਦਰੀ ਬਾਬਾ ਬਚਨ ਸਿੰਘ ਘੋਲੀਆ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਂਦਿਆ, ਉਨ੍ਹਾਂ ਦੇ ਰਾਹਾਂ ’ਤੇ ਚੱਲਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਾਬਾ ਬਚਨ ਸਿੰਘ ਘੋਲੀਆ ਰੂਸ ਤੋਂ ਪੜ੍ਹ ਕੇ ਆਏ ਤੇ ਇੱਥੇ ਆ ਕੇ ਲੋਕਾਂ ਨੂੰ ਜਾਗਰੂਕ ਕਰ ਕੇ ਆਜ਼ਾਦੀ ਦੀ ਚਿਣਗ ਲਾਈ।
ਡਾ. ਸੁਰਜੀਤ ਬਰਾੜ ਘੋਲੀਆ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਬਾਣੀ ਸਾਨੂੰ ਸਹੀ ਰਾਹ ਦਿਖਾਉਂਦੀ ਹੈ ਜੋ ਜ਼ਿੰਦਗੀ ਦਾ ਫ਼ਲਸਫ਼ਾ ਹੈ। ਇਸ ਮੌਕੇ ਗੁਰਦਿੱਤ ਸਿੰਘ ਦੀਨਾ, ਗੁਰਮੀਤ ਸਿੰਘ ਵਾਂਦਰ, ਬਲਵਿੰਦਰ ਸਿੰਘ ਬੁੱਧ ਸਿੰਘ ਵਾਲਾ, ਕਰਮਵੀਰ ਕੌਰ ਬੱਧਨੀ, ਜਗਸੀਰ ਖੋਸਾ, ਸਵਰਨ ਸਿੰਘ ਖੋਸਾ, ਸਿਕੰਦਰ ਸਿੰਘ ਮਧੇਕੇ, ਕੁਲਵੰਤ ਸਿੰਘ ਸਰਪੰਚ, ਬੂਟਾ ਸਿੰਘ ਰਾਊਕੇ, ਨਵਜੋਤ ਕੌਰ, ਸਵਰਾਜ ਖੋਸਾ, ਜਸਪ੍ਰੀਤ ਕੌਰ ਬੱਧਨੀ, ਗੁਰਨਾਮ ਮਾਹਲਾ ਆਦਿ ਆਗੂ ਹਾਜ਼ਰ ਸਨ।
