ਡੀਲਰਾਂ ਵੱਲੋਂ ਕਿਸਾਨ ਨੂੰ ਯੂਰੀਆ ਖਾਦ ਦੇਣ ਤੋਂ ਨਾਂਹ
ਯੂਰੀਆ ਖਾਦ ਦੀ ਕਾਲਾਬਾਜ਼ਾਰੀ ਤੋਂ ਮਾਮਲਾ ਦੋ ਕਦਮ ਅਗਾਂਹ ਵਧ ਗਿਆ ਹੈ। ਖਾਦ ਦੁਕਾਨਦਾਰ ਖੁੱਲ੍ਹੇਆਮ ਕਿਸਾਨਾਂ ਨੂੰ ਯੂਰੀਆ ਖਾਦ ਦੇਣ ਤੋਂ ਨਾਂਹ ਕਰਨ ਲੱਗੇ ਹਨ। ਇੱਥੇ ਅਜਿਹੇ ਇੱਕ ਮਾਮਲੇ ਦੀ ਸ਼ਿਕਾਇਤ ਖੇਤੀਬਾੜੀ ਵਿਭਾਗ ਡੱਬਵਾਲੀ ਦੇ ਉਪ ਮੰਡਲ ਦਫ਼ਤਰ ਕੋਲ ਪੁੱਜੀ ਹੈ, ਜਿਸ ਵਿੱਚ ਡੱਬਵਾਲੀ ਅਨਾਜ ਮੰਡੀ ਦੇ ਦੋ ਖਾਦ ਡੀਲਰਾਂ ’ਤੇ ਕਿਸਾਨ ਨੂੰ ਯੂਰੀਆ ਖਾਦ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ। ਖੇਤੀਬਾੜੀ ਵਿਭਾਗ ਨੇ ਪਿੰਡ ਰਾਜਪੁਰਾ ਵਾਸੀ ਕਿਸਾਨ ਰਵੀ ਕੰਬੋਜ ਦੀ ਸ਼ਿਕਾਇਤ ’ਤੇ ਦੋ ਖਾਦ ਡੀਲਰਾਂ ਨੂੰ ਨੋਟਿਸ ਜਾਰੀ ਕਰਕੇ ਦੋ ਦਿਨਾਂ ਵਿੱਚ ਸਪੱਸ਼ਟੀਕਰਨ ਮੰਗਿਆ ਹੈ। ਨਿਯਮਾਂ ਅਨੁਸਾਰ ਕਿਸਾਨ ਨੂੰ ਖਾਦ ਦੇਣ ਤੋਂ ਮਨਾਂ ਕਰਨ ਦਾ ਮਾਮਲਾ ‘ਐਫਸੀਓ 1985’ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇੱਕ ਡੀਲਰ ਦੇ ਖਾਦ ਸਟਾਕ ਵਿੱਚ ਯੂਰੀਆ ਦੇ 700 ਬੈਗ ਮੌਜੂਦ ਸਨ ਅਤੇ ਇਹ ਅੰਕੜਾ ਦੁਕਾਨ ਦੇ ਸਟਾਕ ਬੋਰਡ ਵਿੱਚ ਵੀ ਦਰਜ ਸੀ। ਕਿਸਾਨ ਰਵੀ ਕੰਬੋਜ ਨੇ ਦੱਸਿਆ ਕਿ ਉਹ 22 ਏਕੜ ਰਕਬੇ ’ਤੇ ਖੇਤੀ ਕਰਦਾ ਹੈ। ਜਦੋਂ ਉਹ ਕੱਲ੍ਹ ਮੰਗਲਵਾਰ ਨੂੰ ਫ਼ਸਲ ਲਈ ਯੂਰੀਆ ਖਾਦ ਖਰੀਦਣ ਦਾਣਾ ਮੰਡੀ, ਡੱਬਵਾਲੀ ਇੱਕ ਦੁਕਾਨ ’ਤੇ ਖਾਦ ਦਾ ਸਟਾਕ ਖ਼ਤਮ ਹੋਣ ਦੀ ਗੱਲ ਆਖੀ ਗਈ। ਜਦਕਿ ਇਕ ਦੁਕਾਨ ’ਤੇ ਸਟਾਕ ਹੋਣ ਦੇ ਬਾਵਜੂਦ ਉਸ ਨੂੰ ਕਿਹਾ ਗਿਆ ਕਿ ਉਹ ਸਿਰਫ ਆਪਣੇ ਕਿਸਾਨਾਂ ਨੂੰ ਹੀ ਖਾਦ ਦੇਣਗੇ। ਰਵੀ ਕੰਬੋਜ ਨੇ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਦੁਕਾਨਦਾਰਾਂ ਤੋਂ ਯੂਰੀਆ ਖਰੀਦਣ ਦੇ ਲਈ ਹਰ ਤਰਲੇ ਕਰਨ ਲਈ ਮਜਬੂਰ ਹਨ, ਫਿਰ ਵੀ ਉਨ੍ਹਾਂ ਨੂੰ ਖਾਦ ਨਹੀਂ ਦਿੱਤੀ ਜਾ ਰਹੀ। ਡੱਬਵਾਲੀ ਦੇ ਉਪ ਮੰਡਲ ਖੇਤੀਬਾੜੀ ਅਧਿਕਾਰੀ ਅਮਿਤ ਸ਼ਰਮਾ ਨੇ ਕਿਹਾ ਕਿ ਦੋਵਾਂ ਖਾਦ ਵੇਚਣ ਵਾਲਿਆਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ।