ਡੀਸੀ ਨੇ ਬੀਐੱਸਐੱਫ ਜਵਾਨਾਂ ਨੂੰ ਰੱਖੜੀਆਂ ਬੰਨ੍ਹੀਆਂ
ਇਥੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਾਦਕੀ ਚੌਕੀ ’ਤੇ ਪਹੁੰਚ ਕੇ ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਬਾਰਡਰ ਸਿਕਿਓਰਟੀ ਫੋਰਸ (ਬੀਐੱਸਐੱਫ) ਦੇ ਜਵਾਨਾਂ ਰੱਖੜੀਆਂ ਬੰਨ੍ਹੀਆਂ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਵੀਰਪਾਲ ਕੌਰ ਵੀ ਮੌਜੂਦ ਸਨ।
ਰੱਖੜੀ ਬੰਨ੍ਹਦੇ ਹੋਏ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਵਾਨਾਂ ਨੂੰ ਕਿਹਾ ਕਿ ਦੇਸ਼ ਦੀਆਂ ਭੈਣਾਂ ਅਤੇ ਭਰਾਵਾਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਯੋਗਦਾਨ ਨੂੰ ਪੂਰਾ ਦੇਸ਼ ਸਲਾਮ ਕਰਦਾ ਹੈ। ਉਨ੍ਹਾਂ ਕਿਹਾ ਕਿ, “ਰੱਖੜੀ ਸਿਰਫ਼ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਨਹੀਂ, ਸਗੋਂ ਭਰੋਸੇ, ਸਮਰਪਣ ਅਤੇ ਰਾਖੀ ਦੇ ਵਾਅਦੇ ਦਾ ਪ੍ਰਤੀਕ ਹੈ। ਅੱਜ ਮੈਂ ਆਪਣੇ ਇਨ੍ਹਾਂ ਸੂਰਵੀਰ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਇਹ ਅਰਦਾਸ ਕਰਦੀ ਹਾਂ ਕਿ ਉਹ ਸਦਾ ਸੁਰੱਖਿਅਤ ਰਹਿਣ ਅਤੇ ਦੇਸ਼ ਦੀ ਰਾਖੀ ’ਚ ਸਦਾ ਅੱਗੇ ਰਹਿਣ।”
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਹੱਦ ’ਤੇ ਤਾਇਨਾਤ ਇਹ ਸੂਰਮੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਦੇਸ਼ ਦੀ ਰਾਖੀ ਕਰਦੇ ਹਨ, ਜਿਸ ਕਰਕੇ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਪ੍ਰਤੀ ਆਪਣਾ ਧੰਨਵਾਦ ਤੇ ਸਤਿਕਾਰ ਪ੍ਰਗਟ ਕਰੀਏ। ਉਨ੍ਹਾਂ ਨੇ ਕਿਹਾ ਕਿ ਰੱਖੜੀ ਦਾ ਅਸਲੀ ਮਤਲਬ ਹੈ ਇਕ-ਦੂਜੇ ਦੀ ਰਾਖੀ ਦਾ ਵਚਨ ਨਿਭਾਉਣਾ ਅਤੇ ਬੀਐੱਸਐੱਫ ਦੇ ਜਵਾਨ ਇਸ ਵਚਨ ਨੂੰ ਆਪਣੀ ਜਾਨ ਜੋਖਮ ’ਚ ਪਾ ਕੇ ਹਰ ਰੋਜ਼ ਸੱਚ ਕਰਦੇ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੀਐੱਸਐੱਫ ਦੇ ਜਵਾਨਾਂ ਨੂੰ ਮਠਿਆਈ ਵੀ ਵੰਡੀ।
ਇਸ ਮੌਕੇ ਬੀਐਸਐਫ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਜਸਬਾਤੀ ਪਲ ਉਹਨਾਂ ਨੂੰ ਆਪਣੇ ਪਰਿਵਾਰ ਦੀ ਘਾਟ ਮਹਿਸੂਸ ਨਹੀਂ ਹੋਣ ਦਿੰਦੇ ਅਤੇ ਮਨੋਬਲ ਵਧਾਉਂਦੇ ਹਨ। ਇਸ ਮੌਕੇ ਬੀਐੱਸਐੱਫ ਦੇ ਸੀਨੀਅਰ ਅਧਿਕਾਰੀ ਸ੍ਰੀ ਅਜੇ ਕੁਮਾਰ ਸ਼੍ਰੀ ਰਾਮ ਅਤੇ ਵਿਨੋਦ ਕੁਮਾਰ ਵੀ ਹਾਜ਼ਰ ਸਨ।