ਡੀ ਸੀ ਨੇ ਨਵੀਂ ਬਣ ਰਹੀ ਧਨੌਲਾ-ਭੱਠਲਾਂ ਸੜਕ ਦੀ ਜਾਂਚ ਕੀਤੀ
ਬਰਨਾਲਾ/ਧਨੌਲਾ/ਟੱਲੇਵਾਲ (ਰਵਿੰਦਰ ਰਵੀ/ਲਖਵੀਰ ਸਿੰਘ ਚੀਮਾ): ਇੱਥੇ ਧਨੌਲਾ-ਭੱਠਲਾਂ ਬਣ ਰਹੀ ਸੜਕ ਦਾ ਅਚਨਚੇਤ ਨਿਰੀਖਣ ਡਿਪਟੀ ਕਮਿਸ਼ਨਰ ਟੀ. ਬੈਨਿਥ ਵੱਲੋਂ ਕੀਤਾ ਗਿਆ। ਇਸ ਨਿਰੀਖਣ ਦੀ ਭਿਣਕ ਮਿਲਦਿਆਂ ਹੀ ਸਬੰਧਤ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਡੀ ਸੀ ਵੱਲੋਂ ਬਣ ਰਹੀ ਸੜਕ ਨੂੰ ਕਈ ਜਗ੍ਹਾ ਤੋਂ ਪੁੱਟ ਕੇ ਦੇਖਿਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕਾਂ ਦੀ ਗੁਣਵੱਤਾ ਅਤੇ ਕੰਮ ਦੀ ਗਤੀ ਦੀ ਜਾਂਚ ਕੀਤੀ ਗਈ ਹੈ ਤਾਂ ਜੋ ਵਧੀਆ ਗੁਣਵੱਤਾ ਵਾਲੀਆਂ ਸੜਕਾਂ ਬਣ ਸਕਣ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਸੜਕ ਦਾ ਨਮੂਨਾ ਗੁਣਵੱਤਾ ਮਾਪਦੰਡਾਂ ਅਨੁਸਾਰ ਨਹੀਂ ਨਿਕਲਿਆ ਤਾਂ ਸਬੰਧਤ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਏਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਨਮੂਨੇ ਦੀ ਗੁਣਵੱਤਾ ਫੇਲ੍ਹ ਹੋ ਜਾਂਦੀ ਹੈ ਤਾਂ ਠੇਕੇਦਾਰ ’ਤੇ ਜ਼ੁਰਮਾਨਾ ਅਤੇ ਕਾਨੂੰਨੀ ਕਾਰਵਾਈ ਹੋਏਗੀ। ਉਨ੍ਹਾਂ ਕਿਹਾ ਕਿ ਕੰਮ ’ਚ ਕਿਸੇ ਵੀ ਅਧਿਕਾਰੀ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਬੈਨਿਥ ਨੇ ਕਿਹਾ ਕਿ ਗੁਣਵੱਤਾ ਯਕੀਨੀ ਬਣਾਉਣ ਲਈ ਜਿਨ੍ਹਾਂ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਖ਼ਤੀ ਭਰੇ ਲਹਿਜੇ ’ਚ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਬਲਿਕ ਵਰਕਸ ਵਿਭਾਗ, ਮੰਡੀ ਬੋਰਡ, ਪੰਚਾਇਤੀ ਰਾਜ, ਨਗਰ ਸੁਧਾਰ ਟਰੱਸਟ, ਨਗਰ ਕੌਂਸਲਾਂ ਅਤੇ ਬੀ.ਡੀ.ਪੀ.ਓ. ਸਹਿਤ ਸਾਰੇ ਵਿਭਾਗਾਂ ਦੇ ਕੰਮਾਂ ਦੀ ਜਾਂਚ ਹੋਵੇਗੀ। ਡੀ ਸੀ ਬੈਨਿਥ ਨੇ ਦੱਸਿਆ ਕਿ ਠੀਕਰੀਵਾਲ ਤੋਂ ਚੰਨਣਵਾਲ, ਗਹਿਲ, ਦੀਵਾਨਾ, ਹਠੂਰ ਤੋਂ ਐੱਮ.ਸੀ. ਹੱਦ ਤੱਕ ਬਣ ਰਹੀ ਸੜਕ ਦੀ ਕੁੱਲ ਲਾਗਤ 414.32 ਲੱਖ ਰੁਪਏ ਹੈ ਅਤੇ ਇਹ ਪ੍ਰਾਜੈਕਟ ਇਲਾਕੇ ਦੀ ਟਰੈਫ਼ਿਕ ਸਹੂਲਤਾਂ ਵਿੱਚ ਵੱਡਾ ਸੁਧਾਰ ਲਿਆਵੇਗਾ।
