ਡੀ ਸੀ ਅਤੇ ਵਿਧਾਇਕ ਨੇ ਧਲੇਵਾਂ-ਗੁੜੱਦੀ ਸੜਕ ਦਾ ਜਾਇਜ਼ਾ ਲਿਆ
ਮਾਨਸਾ ’ਚ ਨਵੀਆਂ ਬਣ ਰਹੀਆਂ ਸੜਕਾਂ ਦੇ ਨਿਰਮਾਣ ’ਚ ਮਾੜੀ ਸਮੱਗਰੀ ਵਰਤਣ ਦੇ ਪਏ ਰੌਲੇ ਤੋਂ ਬਾਅਦ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਪਿੰਡ ਧਲੇਵਾਂ-ਗੁੜੱਦੀ ਸੜਕ ਦਾ ਜਾਇਜ਼ਾ ਲਿਆ। ਇਸ ਮੌਕੇ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੀ ਮੌਜੂਦ ਸਨ। ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਨਵੀਆਂ ਸੜਕਾਂ ਮਿਆਰੀ ਬਣਾਉਣ ਦੇ ਹੁਕਮ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੇ ਸੜਕ ਨਿਰਮਾਣ ਕਾਰਜਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਕੰਮ ਦੇ ਮਿਆਰ ਸਬੰਧੀ ਪਿੰਡ ਵਾਸੀਆਂ ਵੱਲੋਂ ਮਸਲਾ ਰੱਖਿਆ ਗਿਆ ਸੀ, ਜਿਸ ਦਾ ਨੋਟਿਸ ਲੈਂਦੇ ਹੋਏ ਇਸ ਸੜਕ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਉਨ੍ਹਾਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ।
ਉਨ੍ਹਾਂ ਮੰਡੀ ਬੋਰਡ ਅਧਿਕਾਰੀਆਂ ਨੂੰ ਸੜਕ ਦੇ ਨਮੂਨੇ ਟੈਸਟ ਕਰਾਉਣ ਅਤੇ ਮਿਆਰੀ ਕੰਮ ਕਰਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਸਬੰਧਤ ਠੇਕੇਦਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਦਾ ਨਿਰਮਾਣ ਕਾਰਜ ਮਾਪਦੰਡਾਂ ’ਤੇ ਖ਼ਰਾ ਨਾ ਉਤਰਿਆ ਤਾਂ ਕਰਵਾਈ ਕੀਤੀ ਜਾਵੇਗੀ।
ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਰਮਾਣ ਕੰਮਾਂ ਦਾ ਮਿਆਰ, ਮਜ਼ਬੂਤੀ ਅਤੇ ਸਮਾਂਬੱਧਤਾ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਵਿਕਾਸ ਕਾਰਜਾਂ ਦਾ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ। ਮੰਡੀ ਬੋਰਡ ਦੇ ਐਕਸੀਅਨ ਵਿਪਨ ਖੰਨਾ ਨੇ ਦੱਸਿਆ ਕਿ ਇਸ 3.75 ਕਿਲੋਮੀਟਰ ਲੰਮੀ ਧਲੇਵਾਂ ਤੋਂ ਗੁੜੱਦੀ ਪਿੰਡ ਦੀ ਸੜਕ ਦਾ ਕੰਮ 73.83 ਲੱਖ ਦੀ ਲਾਗਤ ਨਾਲ ਕਰਵਾਇਆ ਗਿਆ ਹੈ।
