ਮਿਹਨਤਕਸ਼ ਪਰਿਵਾਰ ਦੀ ਧੀ ਨੇ ਪਾਸ ਕੀਤੀ ਨੀਟ ਦੀ ਪ੍ਰੀਖਿਆ
ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੀ ਵਸਨੀਕ ਨਪਿੰਦਰ ਕੌਰ ਪੁੱਤਰੀ ਠਾਕਰ ਸਿੰਘ ਨੇ ਨੀਟ ਵੱਲੋਂ ਐਲਾਨੇ ਨਤੀਜੇ ਵਿੱਚ 1350 ਰੈਂਕ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਨਪਿੰਦਰ ਕੌਰ ਦੇ ਪਰਿਵਾਰਕ ਪਿਛੋਕੜ ਆਮ ਮਜ਼ਦੂਰ ਪਰਿਵਾਰ ਵਿੱਚੋਂ ਹੈ, ਉਸ ਦਾ ਪਿਤਾ ਠਾਕਰ ਸਿੰਘ ਪਹਿਲਾਂ ਰੇਡੀਓ, ਟੀਵੀ ਮਕੈਨਿਕ ਸੀ, ਅੱਜ-ਕੱਲ੍ਹ ਅਰਬ ਦੇਸ਼ ਵਿੱਚ ਕੰਮ ਕਰ ਰਿਹਾ ਹੈ।
ਨਪਿੰਦਰ ਕੌਰ ਨੇ ਕਿਹਾ ਕਿ ਉਸ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਜਵਾਹਰ ਨਵੋਦਿਆ ਵਿਦਿਆਲਾ ਫਫੜੇ ਭਾਈਕੇ ਤੋਂ ਕੀਤੀ, ਭਾਈ ਜੈਤਾ ਜੀ ਸੰਸਥਾ ਮੁਹਾਲੀ ਤੋਂ ਤਿਆਰੀ ਕਰਕੇ ਆਪਣਾ ਨੀਟ ਦਾ ਪੇਪਰ ਪਾਸ ਕੀਤਾ ਹੈ। ਉਸਨੇ ਦੱਸਿਆ ਕਿ ਡਾਕਟਰ ਬਣਕੇ, ਜਿੱਥੇ ਉਹ ਆਪਣੇ ਮਾਤਾ-ਪਿਤਾ ਦਾ ਸੁਪਨਾ ਪੂਰਾ ਕਰੇਗੀ, ਆਮ ਲੋਕਾਂ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਵੇਗੀ।
ਨਪਿੰਦਰ ਕੌਰ ਦਾ ਸਨਮਾਨ ਕਰਦਿਆਂ ਪੰਜਾਬੀ ਵਿਰਸਾ ਹੈਰੀਟੇਜ ਫਾਊਂਡੇਸ਼ਨ ਪੰਜਾਬ ਦੇ ਸਕੱਤਰ ਐਡਵੋਕੇਟ ਅੰਗਰੇਜ਼ ਸਿੰਘ ਕਲੇਰ ਨੇ ਕਿਹਾ ਕਿ ਨਪਿੰਦਰ ਕੌਰ ਦੀ ਇਸ ਪ੍ਰਾਪਤੀ ਉਪਰ ਬਹੁਤ ਮਾਣ ਹੈ, ਉਸ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਸੰਸਥਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਪੁਮਾਰ ਨੇ ਕਿਹਾ ਕਿ ਜੋ ਵੀ ਵਿਦਿਆਰਥੀ ਤਨੋ-ਮਨੋ ਮਿਹਨਤ ਕਰਦਾ ਹੈ, ਉਸ ਨੂੰ ਮੰਜ਼ਿਲ ਜ਼ਰੂਰ ਮਿਲਦੀ ਹੈ, ਜਿਸਦੀ ਨਪਿੰਦਰ ਕੌਰ ਸਮਾਜ ਲਈ ਵੱਡੀ ਉਦਾਹਰਨ ਹੈ।