ਕੋਟਕਪੂਰਾ ਵਿੱਚ ਸੂਰਜ ਢਲਣ ਤੋਂ ਪਹਿਲਾਂ ਹੀ ਛਾ ਜਾਂਦੈ ਹਨੇਰਾ
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ। ਕੋਟਕਪੂਰਾ ਖੇਤਰ ਵਿੱਚ ਹਾਲਾਤ ਇਹ ਹਨ ਕਿ ਸੂਰਜ ਢਲਣ ਤੋਂ ਪਹਿਲਾਂ ਹੀ ਹਨੇਰਾ ਛਾ ਜਾਂਦਾ ਹੈ ਕਿਉਂਕਿ ਪਰਾਲੀ ਦਾ ਧੂੰਆਂ ਸੂਰਜ ਨੂੰ ਢਕ ਲੈਂਦਾ ਹੈ। ਫ਼ਰੀਦਕੋਟ ਪੁਲੀਸ ਇਸ ਮਾਮਲੇ ਵਿੱਚ ਕਾਫੀ ਸਰਗਰਮ ਹੈ ਤੇ ਜਿਥੇ ਕਿਸਾਨ ਅੱਗ ਲਾਉਣ ਤੋਂ ਨਹੀਂ ਰੁਕ ਰਹੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਹੁਣ ਤੱਕ 150 ਤੋਂ ਵੱਧ ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕੋਟਕਪੂਰਾ ਵਾਸੀ ਰਾਜੀਵ ਕੁਮਾਰ ਅਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਪਰਾਲੀ ਦੇ ਧੂੰਏਂ ਕਰਕੇ ਸ਼ਾਮ ਤੋਂ ਪਹਿਲਾਂ ਹਨੇਰਾ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਲਗਾਤਾਰ ਖੰਘ, ਅੱਖਾਂ ਵਿੱਚ ਜਲਣ ਅਤੇ ਸਾਹ ਦੀਆਂ ਬਿਮਾਰੀਆਂ ਘੇਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਲੋਕ ਦਿਨ ਦੀ ਬਜਾਏ ਸ਼ਾਮ ਨੂੰ ਅੱਗ ਲਾਉਂਦੇ ਹਨ ਤੇ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਸ਼ਾਮ ਨੂੰ ਸੈਟੇਲਾਈਟ ਪਰਾਲੀ ਦੀ ਅੱਗ ਦੀ ਸ਼ਨਾਖਤ ਕਰਨ ਵਿੱਚ ਨਾਕਾਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦਾ ਧੂੰਆਂ ਆਥਣ ਵੇਲੇ ਸੜਕਾਂ ’ਤੇ ਚਾਰੇ ਪਾਸੇ ਪੂਰੀ ਤਰ੍ਹਾਂ ਫੈਲ ਜਾਂਦਾ ਜਿਸ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ।
ਕੋਟਕਪੂਰਾ ਦੇ ਡੀ ਐੱਸ ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਐੱਸ ਐੱਸ ਪੀ ਡਾ. ਪ੍ਰੱਗਿਆ ਜੈਨ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਪਿਛਲੇ 15 ਦਿਨਾਂ ਤੋਂ ਲਗਾਤਾਰ ਕਿਸਾਨਾਂ ਕੋਲ ਖੇਤਾਂ ਵਿੱਚ ਜਾ ਕੇ ਪਰਾਲੀ ਨੂੰ ਅੱਗ ਨਾ ਲਾਉਣ ਵਾਸਤੇ ਜਾਗਰੂਕ ਰਹੇ ਹਨ। ਇਸ ਤੋਂ ਇਲਾਵਾ ਕੋਟਕਪੂਰਾ ਨਾਲ ਸਬੰਧਤ ਸਾਰੇ ਐੱਸ ਐਸ ਓ ਅਤੇ ਉਹ ਖੁਦ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਕਿਸਾਨਾਂ ਨਾਲ ਸੰਪਰਕ ਕਰਦੇ ਆ ਰਹੇ ਹਨ ਜਿਸ ਕਾਰਨ ਅੱਗ ਲਾਉਣ ਦੇ ਕੇਸ ਵੱਡੀ ਪੱਧਰ ’ਤੇ ਘਟੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸੈਟੇਲਾਈਟ ਦੀਆਂ ਰਿਪੋਰਟਾਂ ’ਤੇ ਕਾਰਵਾਈ ਕਰਦਿਆਂ 40 ਦੇ ਕਰੀਬ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹਨ।
