ਮਾਨਸਾ ਨੇੜਲੇ ਰਸਤਿਆਂ ’ਤੇ ਛਾਅ ਜਾਂਦੈ ਘੁੱਪ ਹਨੇਰਾ
ਮਾਨਸਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੀਆਂ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਰਸਤਿਆਂ ’ਤੇ ਰਾਤ ਸਮੇਂ ਘੁੱਪ ਹਨੇਰਾ ਛਾਇਆ ਰਹਿੰਦਾ ਹੈ। ਵੇਰਵਿਆਂ ਤੋਂ ਪਤਾ ਲੱਗਿਆ ਕਿ ਲੰਬੇ ਅਰਸੇ ਤੋਂ ਬਾਅਦ ਵੀ ਨਾ ਤਾਂ ਸ਼ਹਿਰ ਦੀਆਂ ਬਹੁਤੀਆਂ ਸੜਕਾਂ ਦੇ ਵੱਡੇ ਖੰਭਿਆਂ ’ਤੇ ਲਾਈਆਂ ਲਾਈਟਾਂ ਚੱਲ ਸਕੀਆਂ ਤੇ ਨਾ ਹੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਤਿੰਨਕੌਣੀ ਚੌਕ ਵਿਚ ਲਾਈਆਂ ਟਰੈਫਿਕ ਲਾਈਟਾਂ ਚਲ ਸਕੀਆਂ। ਦਿਨ ਢੱਲਦੇ ਹੀ ਮਾਨਸਾ ਸ਼ਹਿਰ ਨੂੰ ਬਾਜ਼ਾਰ ਨਾਲ ਜੋੜਨ ਤੇ ਆਵਾਜਾਈ ਦਾ ਮੁੱਖ ਮਾਰਗ ਬਣੀਆਂ ਇਹ ਸੜਕਾਂ ’ਤੇ ਘੁੱਪ ਹਨ੍ਹਰਾ ਛਾ ਜਾਂਦਾ ਹੈ। ਮਾਨਸਾ ਸ਼ਹਿਰ ਵਿੱਚ ਲੱਲੂਆਣਾ ਰੋਡ, ਨਹਿਰੂ ਕਾਲਜ ਦੀ ਬੈਕ ਸਾਈਡ ਰੋਡ, ਚੁਕੇਰੀਆ ਰੋਡ, ਗਾਂਧੀ ਸਕੂਲ ਰੋਡ, 30 ਫੁੱਟੀ ਰੋਡ, ਗੁਰੂ ਨਾਨਕ ਬਸਤੀ, ਠੂਠਿਆਂਵਾਲੀ ਰੋਡ, ਭੱਠਾ ਬਸਤੀ, ਅੰਡਰਬ੍ਰਿਜ, ਖੋਖਰ ਰੋਡ ਸਣੇ ਹੋਰਨਾਂ ਹਿੱਸਿਆਂ ਵਿੱਚ ਸਟਰੀਟ ਲਾਈਟਾਂ ਦੇ ਨਾ ਚੱਲਣ ਕਾਰਨ ਘੁੱਪ ਹਨ੍ਹੇਰਾ ਛਾਇਆ ਰਹਿੰਦਾ ਹੈ। ਦਿਲਚਸਪ ਗੱਲ ਹੈ ਕਿ ਮਾਨਸਾ ਦੇ ਡੀ ਸੀ ਦੇ ਘਰ ਕੋਲ ਤਿੰਨਕੋਣੀ ਲੁਧਿਆਣਾ-ਸਿਰਸਾ ਮੁੱਖ ਮਾਰਗ ’ਤੇ ਲੱਗੀਆਂ ਲਾਈਟਾਂ ਵੀ ਪਿਛਲੇ ਮਹੀਨੇ ਤੋਂ ਬੰਦ ਪਈਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਨ੍ਹਾਂ ਟਰੈਫ਼ਿਕ ਲਾਈਟਾਂ ਦੇ ਬੰਦ ਹੋਣ ਕਾਰਨ ਕਿਸੇ ਵੀ ਵੇਲੇ ਅਣਸੁਖਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਹੈ।
ਲਾਈਟਾਂ ਜਲਦੀ ਚਾਲੂ ਕਰ ਦਿੱਤੀਆਂ ਜਾਣਗੀਆਂ: ਕੌਂਸਲ ਪ੍ਰਧਾਨ
Advertisementਨਗਰ ਕੌਸਲ ਮਾਨਸਾ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੇ ਕਿਹਾ ਕਿ ਸ਼ਹਿਰ ਦੀਆਂ ਕੁੱਝ ਲਾਈਟਾਂ ਖ਼ਰਾਬ ਹੋਣ ਕਰਕੇ ਨਹੀਂ ਚੱਲ ਰਹੀਆਂ। ਇਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਹ ਲਾਈਟਾਂ ਨੂੰ ਚਲਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੀ.ਸੀ ਦੀ ਰਿਹਾਇਸ਼ ਨੇੜਲੀਆਂ ਟਰੈਫ਼ਿਕ ਲਾਈਟਾਂ ਨੂੰ ਵੀ ਛੇਤੀ ਚਲਾਇਆ ਜਾ ਰਿਹਾ ਹੈ।