ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

DAP Fertilizer crisis: ਮੋਗਾ ਵਾਲੀ ਡੀਏਪੀ ਦਾ ਰੈਕ ਸਰਕਾਰ ਬਰਨਾਲਾ ਲਿਜਾਣ ਲਈ ਅੜੀ, ਕਿਸਾਨ ਨਾ ਜਾਣ ਦੇਣ ’ਤੇ ਅੜੇ

ਮੋਗਾ ਲਈ ਆਏ 26000 ਗੱਟਿਆਂ ’ਚੋਂ 2500 ਬਰਨਾਲਾ ਲਿਜਾਣ ਦੇਣ ਦਾ ਸਮਝੌਤਾ ਸਰਕਾਰੀ ਅੜੀ ਕਾਰਨ ਟੁੱਟਿਆ; ਕਿਸਾਨ ਜਥੇਬੰਦੀਆਂ ਦੇ ਵਿਰੋਧ ਅੱਗੇ ਬੇਵੱਸ ਹੋਏ ਅਧਿਕਾਰੀ
ਮੋਗਾ ਰੇਲਵੇ ਸਟੇਸ਼ਨ ਉੱਤੇ ਸਰਕਾਰ ਬੁੱਧਵਾਰ ਨੂੰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਮਹਿੰਦਰ ਸਿੰਘ ਰੱਤੀਆਂ

ਮੋਗਾ, 6 ਨਵੰਬਰ

Advertisement

ਸੂਬੇ ’ਚ ਡੀਏਪੀ ਖਾਦ ਕਿਸਾਨਾਂ ਲਈ ਵੱਡੀ ਸਮੱਸਿਆ ਬਣ ਗਈ ਹੈ ਅਤੇ ਹਰ ਪਾਸੇ ਮਾਰੋ-ਮਾਰੀ ਚੱਲ ਰਹੀ ਹੈ। ਇਥੇ ਮਾਲ ਗੱਡੀ ’ਚ ਮੋਗਾ ਜ਼ਿਲ੍ਹੇ ਲਈ ਆਏ ਖਾਦ ਦੇ ਰੈਕ ਨੂੰ ਅਧਿਕਾਰੀਆਂ ਵੱਲੋਂ ਜ਼ਿਮਨੀ ਚੋਣ ਵਾਲੇ ਹਲਕੇ ਬਰਨਾਲਾ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਕੋਸ਼ਿਸ਼ ਨੂੰ ਕਿਸਾਨਾਂ ਨੇ ਨਾਕਾਮ ਕਰ ਦਿੱਤਾ।

ਬੀਕੇਯੂ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਲੱਖੋਵਾਲ, ਕਿਸਾਨ ਸੰਘਰਸ਼ ਕਮੇਟੀ ਤੇ ਹੋਰ ਜਥੇਬੰਦੀਆਂ ਨੂੰ ਸੂਚਨਾ ਮਿਲੀ ਤਾਂ ਲੰਘੀ ਦੇਰ ਸ਼ਾਮ ਵੱਡੀ ਗਿਣਤੀ ਕਿਸਾਨ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ। ਇਸ ਮੌਕੇ ਤਣਾਅ ਕਾਰਨ ਵੱਡੀ ਗਿਣਤੀ ਵਿਚ ਪੁਲੀਸ ਵੀ ਤਾਇਨਾਤ ਕਰ ਦਿੱਤੀ ਗਈ।

2500 ਗੱਟਾ ਬਰਨਾਲਾ ਲਿਜਾਣ ਲਈ ਬਣ ਗਈ ਸੀ ਸਹਿਮਤੀ

ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ, ਬਲੌਰ ਸਿੰਘ ਘਾਲੀ, ਇਕਬਾਲ ਸਿੰਘ ਸਿੰਘਾਂਵਾਲਾ, ਜਗਜੀਤ ਸਿੰਘ ਮੱਦੋਕੇ ਤੇ ਹੋਰ ਕਿਸਾਨ ਆਗੂਆਂ ਨੇ ਦੱਸਿਆ ਡੀਏਪੀ ਖਾਦ ਦਾ  26 ਹਜ਼ਾਰ ਤੋਂ ਵੱਧ ਗੱਟਾ ਆਇਆ ਹੈ। ਅਧਿਕਾਰੀਆਂ ਨੇ ਇਹ ਖਾਦ ਬਰਨਾਲਾ ਲਿਜਾਣ ਲਈ 40 ਟਰੱਕਾਂ ਦਾ ਇੰਤਜ਼ਾਮ ਕਰ ਲਿਆ। ਇਸ ਮੌਕੇ ਲੰਮੀ ਬਹਿਸ ਤੋਂ ਬਾਅਦ ਕਿਸਾਨਾਂ ਅਤੇ ਅਧਿਕਾਰੀਆਂ ਵਿਚਕਾਰ ਦੇਰ ਰਾਤ 26 ਹਜ਼ਾਰ ਵਿਚੋਂ 2500 ਗੱਟਾ ਬਰਨਾਲਾ ਲਿਜਾਣ ਅਤੇ ਬਾਕੀ ਵਿਚੋਂ 40 ਫ਼ੀਸਦੀ ਮੋਗਾ ਜ਼ਿਲ੍ਹੇ ਦੀ ਪ੍ਰਾਈਵੇਟ ਖਾਦ ਡੀਲਰਾਂ ਤੇ 60 ਫ਼ੀਸਦੀ ਸਹਿਕਾਰੀ ਸਭਾਵਾਂ ਨੂੰ ਦੇਣ ਦੀ ਸਹਿਮਤੀ ਬਣ ਗਈ।

ਅਧਿਕਾਰੀਆਂ ਨੇ ਸਮਝੌਤੇ ਨੂੰ ਸਰਕਾਰ ਵੱਲੋਂ ਰੱਦ ਕਰ ਦਿੱਤੇ ਜਾਣ ਦੀ ਗੱਲ ਆਖੀ

ਇਹ ਸਮਝੌਤਾ ਅੱਜ ਸਵੇਰੇ ਉਸ ਸਮੇਂ ਟੁੱਟ ਗਿਆ ਜਦੋਂ ਖੇਤੀਬਾੜੀ ਅਧਿਕਾਰੀ ਡਾ. ਸੁਖਰਾਜ ਕੌਰ, ਬਤੌਰ ਮੈਜਿਸਟਰੇਟ ਡੀਆਰਓ ਲਕਸ਼ੇ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਕਿਸਾਨਾਂ ਨਾਲ ਦੁਬਾਰਾ ਮੀਟਿੰਗ ਕਰਕੇ ਆਖਿਆ ਕਿ ਸੂਬਾ ਸਰਕਾਰ 2500 ਗੱਟਿਆਂ ਵਾਲੇ ਸਮਝੌਤੇ ਨੂੰ ਨਹੀਂ ਮੰਨ ਰਹੀ ਅਤੇ ਰੈਕ ਵਿਚ ਆਈ ਅੱਧੀ ਖਾਦ ਭਾਵ 13 ਹਜ਼ਾਰ ਗੱਟੇ ਬਰਨਾਲਾ ਜ਼ਿਲ੍ਹੇ ਲਈ ਭੇਜਣ ਦਾ ਉਨ੍ਹਾਂ ਉੱਤੇ ਦਬਾਅ ਹੈ। ਇਸ ਮੌਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅਤੇ ਮਾਰਕੈੱਡ ਤੋਂ ਇਲਾਵਾ ਬਰਨਾਲਾ ਦੇ ਖੇਤੀਬਾੜੀ ਅਧਿਕਾਰੀ ਵੀ ਪੁੱਜੇ ਹੋਏ ਸਨ।

ਇਸ ’ਤੇ ਕਿਸਾਨਾਂ ਨੇ ਵੀ ਸਾਫ਼ ਕਰ ਦਿੱਤਾ ਕਿ ਉਹ ਪਹਿਲੇ ਸਮਝੌਤੇ ਉਤੇ ਕਾਇਮ ਹਨ, ਪਰ ਜੇ ਸਰਕਾਰ ਉਨ੍ਹਾਂ ਉਤੇ ਦਬਾਅ ਪਾ ਰਹੀ ਹੈ ਤਾਂ ਉਹ (ਅਧਿਕਾਰੀ) ਪਾਸੇ ਹੋ ਜਾਣ ਅਤੇ ਕਿਸਾਨ ਡੀਏਪੀ ਦਾ ਇਕ ਵੀ ਗੱਟਾ ਬਾਹਰ ਨਹੀਂ ਜਾਣ ਦੇਣਗੇ। ਇਸ ’ਤੇ ਅਧਿਕਾਰੀ 30 ਫ਼ੀਸਦੀ ਯਾਨੀ ਕਰੀਬ 9 ਹਜ਼ਾਰ ਗੱਟਾ ਬਰਨਾਲਾ ਲਿਜਾਣ ਦੀ ਮੰਗ ਕਰਨ ਲੱਗ ਪਏ ਪਰ ਕਿਸਾਨ ਨਾ ਮੰਨੇ।

ਮੋਗਾ ਰੇਲਵੇ ਸਟੇਸ਼ਨ ਉੱਤੇ ਇਕੱਤਰ ਵੱਡੀ ਗਿਣਤੀ ਕਿਸਾਨ ਤੇ ਹੋਰ ਲੋਕ।

ਇਸ ਪਿੱਛੋਂ ਅਧਿਕਾਰੀਆਂ ਨੇ ਹੋਰ ਚਾਲ ਖੇਡਦਿਆਂ ਕਿਹਾ ਕਿ ਭਲਕੇ ਤੇ ਪਰਸੋਂ ਹੋਰ ਡੀਏਪੀ ਖਾਦ ਦੇ ਰੈਕ ਆ ਰਹੇ ਹਨ। ਇਸ ਉਤੇ ਕਿਸਾਨਾਂ ਨੇ ਵੀ ਕਿਹਾ ਤੁਸੀਂ ਅੱਜ ਵਾਲਾ ਰੈਕ ਮੋਗਾ ਜ਼ਿਲ੍ਹੇ ਨੂੰ ਦੇ ਦਿਓ ਤੇ ਜੋ ਭਲਕੇ ਆਵੇਗੀ ਉਸ ਵਿਚੋਂ ਅੱਧੀ ਬਰਨਾਲ ਭੇਜ ਦੇਣਾ। ਇਸ  ਉਤੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਨਹੀਂ ਮੰਨ ਰਹੀ।

ਅਧਿਕਾਰੀਆਂ ਨੇ ਜ਼ਮੀਨ ’ਤੇ ਰਖਵਾਈ ਖਾਦ

ਇਸ ਮਗਰੋਂ ਕਿਸਾਨਾਂ ਨੇ ਸਮਝੌਤਾ ਰੱਦ ਕਰਦਿਆਂ ਬਰਨਾਲਾ ਜਾਣ ਲਈ ਖਾਦ ਨਾਲ ਦੇ ਭਰੇ ਟਰੱਕ ਵੀ ਰੋਕ ਦਿੱਤੇ ਅਤੇ ਬੋਰੀਆਂ ਦੇ ਰੈੱਕਾਂ ਉੱਤੇ ਬੈਠ ਗਏ। ਕਿਸਾਨਾਂ ਦੇ ਵਿਰੋਧ ਕਾਰਨ ਮਾਲ ਗੱਡੀ’ਚੋਂ ਖਾਦ ਨਾ ਲਹਿਣ ਉਤੇ ਰੇਲਵੇ ਦਾ ਭਾੜਾ ਬਚਾਉਣ ਲਈ ਅਧਿਕਾਰੀਆਂ ਨੇ ਬੋਰੀਆਂ ਦਾ ਰੈਕ ਜ਼ਮੀਨ ਉੱਤੇ ਲਗਵਾਉਣ ਦਾ ਪ੍ਰਬੰਧ ਕਰਨਾ ਪਿਆ।

ਅਸੀਂ ਕੋਸ਼ਿਸ਼ ਕਰ ਰਹੇ ਹਾਂ: ਖੇਤੀਬਾੜੀ ਅਧਿਕਾਰੀ ਡਾ. ਸੁਖਰਾਜ ਕੌਰ

ਘਟਨਾ ਸਥਾਨ ’ਤੇ ਮੌਜੂਦ ਖੇਤੀਬਾੜੀ ਅਧਿਕਾਰੀ ਡਾ. ਸੁਖਰਾਜ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਕਿਸਾਨਾਂ ਨਾਲ ਹੋਏ ਸਮਝੌਤੇ ਨੂੰ ਸਰਕਾਰ ਨਹੀਂ ਮੰਨ ਰਹੀ ਅਤੇ ਸਾਨੂੰ ਅੱਧੇ ਗੱਟੇ ਬਰਨਾਲਾ ਭੇਜਣ ਲਈ ਆਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕਰਨ ਅਤੇ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
Advertisement
Show comments