ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਡੀਏਪੀ ਵੰਡੀ
ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਅੱਜ ਆਪਣੇ ਕੀਤੇ ਵਾਅਦੇ ਮੁਤਾਬਕ ਵਿਧਾਇਕ ਢੋਸ ਨੇ ਡੀਏਪੀ ਖਾਦ ਦੀ ਵੰਡ ਕੀਤੀ ਗਈ। ਲਗਭਗ ਦਰਜਨ ਪਿੰਡਾਂ ਦੇ ਕਿਸਾਨਾਂ ਨੂੰ ਇਹ ਖਾਦ ਦਿੱਤੀ ਗਈ। ਇਸ ਸਬੰਧੀ ਪਿੰਡ ਮੰਦਰ ਕਲਾਂ ਵਿਖੇ ਆਮ ਆਦਮੀ ਪਾਰਟੀ ਵਲੋਂ ਇੱਕ ਸਮਾਗਮ ਹੋਇਆ ਜਿਸ ਵਿੱਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਸ਼ਾਮਲ ਹੋਏ। ਸਮਾਗਮ ਵਿੱਚ ਪਿੰਡ ਸ਼ੇਰੇਵਾਲਾ, ਦੌਰ ਕਲਾਂ, ਭੈਣੀ, ਮੇਹਰੂਵਾਲਾ, ਪਰੱਲੀ ਵਾਲਾ, ਕੰਬੋ ਖੁਰਦ, ਕੰਬੋ ਕਲਾਂ, ਸੰਘੇੜਾ, ਮਰਦਾਰਪੁਰ, ਬੰਡਾਲਾ ਅਤੇ ਬੋਗੇਵਾਲਾ ਦੇ ਹੜ੍ਹ ਪ੍ਰਭਾਵਿਤ ਕਿਸਾਨ ਸ਼ਾਮਲ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਕੰਬੋਜ, ਚੇਅਰਮੈਨ ਸੁਖਵੀਰ ਸਿੰਘ ਮੰਦਰ, ਦਲੇਰ ਸਿੰਘ ਸ਼ਾਮਾ ਮੀਡੀਆ ਇੰਚਾਰਜ, ਸਰਪੰਚ ਰਾਜਵੀਰ ਸਿੰਘ ਕੰਗ ਅਤੇ ਰਛਪਾਲ ਸਿੰਘ ਮੁੰਡੀ ਜਮਾਲ ਆਦਿ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਕਣਕ ਦੇ ਬੀਜ ਦੀ ਸਰਕਾਰੀ ਵੰਡ ਮੌਕੇ ਉਨ੍ਹਾਂ ਸਬੰਧਤ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਵਲੋਂ ਬੀਜਾਈ ਲਈ ਡੀਏਪੀ ਖਾਦ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਅੱਜ ਪੂਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰ ਰਹੀ ਹੈ। ਇਸ ਮੌਕੇ 2500 ਬੋਰੀ ਖਾਦ ਵੰਡੀ ਗਈ। ਇਸ ਸਬੰਧੀ ‘ਆਪ’ ਵਰਕਰਾਂ ਅਤੇ ਨੇਤਾਵਾਂ ਵਲੋਂ ਆਪਣੇ ਪਾਸੋਂ ਫੰਡ ਇਕੱਠੇ ਕਰਕੇ ਖਾਦ ਦੀ ਖਰੀਦ ਕੀਤੀ ਗਈ ਸੀ।
