ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ
ਨਗਰ ਕੌਂਸਲ ਮੁਤਾਬਕ ਤਾਂ ਸ਼ਹਿਰ ਅਤੇ ਬਾਹਰਲੇ ਇਲਾਕਿਆਂ ’ਚ ਪੂਰੀ ਤਰ੍ਹਾਂ ਸਫ਼ਾਈ ਰੱਖੀ ਜਾ ਰਹੀ ਹੈ ਪਰ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ’ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਨਗਰ ਕੌਂਸਲ ਦੇ ਦਾਅਵਿਆਂ ਦੀ ਫੂਕ ਕੱਢ ਰਹੇ ਹਨ। ਕਈ ਵਾਰਡਾਂ ਦੇ ਕੌਂਸਲਰਾਂ ਦੀ ਸਫ਼ਾਈ ਪ੍ਰਤੀ ਚੁੱਪ ਵੀ ਸਵਾਲ ਖੜ੍ਹੇ ਕਰਦੀ ਹੈ। ਸ਼ਹਿਰ ਵਿਚ ਸਫ਼ਾਈ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।
ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ’ਚ ਡੇਂਗੂ ਅਤੇ ਚਿਕਨਗੁਨੀਆ ਨੇ ਵੱਡੀ ਪੱਧਰ ’ਤੇ ਆਪਣੇ ਪੈਰ ਪਸਾਰ ਰੱਖੇ ਹਨ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਸਮੇਂ-ਸਿਰ ਸ਼ਹਿਰ ’ਚ ਫੌਗਿੰਗ ਕਰਵਾਈ ਹੁੰਦੀ ਅਤੇ ਸ਼ਹਿਰ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਹੁੰਦਾ ਤਾਂ ਅੱਜ ਲੋਕਾਂ ਨੂੰ ਬਿਮਾਰੀਆਂ ਨਾਲ ਨਾ ਜੂਝਣਾ ਪੈਂਦਾ। ਉਨ੍ਹਾਂ ਕਿਹਾ ਕਿ ਗੰਦਗੀ ਦੇ ਢੇਰਾਂ ਕਾਰਨ ਲੱਖੀ ਕਲੋਨੀ ਅਤੇ ਗਿੱਲ ਨਗਰ ਦੇ ਲੋਕਾਂ ਨੂੰ ਧਨੌਲਾ ਰੋਡ ’ਤੇ ਜਾਣ ਵੇਲੇ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ’ਚ ਸਫ਼ਾਈ ਦੇ ਨਾਮ ’ਤੇ ਕੀਤੇ ਜਾਂਦੇ ਖਰਚੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਕੂੜੇ ਦੇ ਢੇਰਾਂ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਸੂਬੇਦਾਰ ਸਵਰਨਜੀਤ ਸਿੰਘ, ਸਮਸ਼ੇਰ ਸਿੰਘ ਸੇਖੋਂ ਤੇ ਬਸੰਤ ਸਿੰਘ ਉੱਗੋਕੇ ਹਾਜ਼ਰ ਸਨ।
