ਡੇਅਰੀ ਫਾਰਮ ਦੀ ਛੱਤ ਡਿੱਗੀ, ਦੋ ਪਸ਼ੂ ਮਰੇ
ਪਿੰਡ ਲੱਖੀ ਜੰਗਲ ਵਿੱਚ ਕੋਟ ਭਾਈ ਰਜਵਾਹੇ ਨਜ਼ਦੀਕ ਵਸੀ ਢਾਣੀ ਵਿੱਚ ਬੀਤੀ ਰਾਤ ਇੱਕ ਦੁੱਧ ਉਤਪਾਦਕ ਅਤੇ ਕਿਸਾਨ ਜਸਵਿੰਦਰ ਸਿੰਘ ਗਰੇਵਾਲ ਦੇ ਡੇਅਰੀ ਫਾਰਮ ਦੀ ਮੀਂਹ ਕਾਰਨ ਛੱਤ ਡਿੱਗਣ ਕਾਰਨ 19 ਦੁਧਾਰੂ ਗਾਵਾਂ ਮਲਬੇ ਹੇਠ ਦੱਬ ਗਈਆਂ। ਇਸ ਹਾਦਸੇ ਵਿੱਚ ਇੱਕ ਦੁਧਾਰੂ ਗਾਂ ਅਤੇ ਇੱਕ ਵੱਛੀ ਦੀ ਮੌਤ ਹੋ ਗਈ ਜਦਕਿ ਚਾਰ ਗਾਵਾਂ ਜ਼ਖ਼ਮੀ ਹੋਈਆਂ।
ਜਾਣਕਾਰੀ ਮੁਤਾਬਕ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਨੇੜਲੇ ਨਜ਼ਦੀਕੀ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਜੱਦੋ-ਜਹਿਦ ਨਾਲ ਮਲਬੇ ਹੇਠ ਦੱਬੇ ਪਸ਼ੂਆਂ ਨੂੰ ਬਾਹਰ ਕੱਢਿਆ। ਬਰਸਾਤ ਕਾਰਨ ਵਾਪਰੇ ਇਸ ਕਹਿਰ ਕਾਰਨ ਜਿੱਥੇ ਪਸ਼ੂ ਧਨ ਦਾ ਨੁਕਸਾਨ ਹੋਇਆ, ਉੱਥੇ ਪਸ਼ੂ ਪਾਲਕ ਦਾ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਡੇਅਰੀ ਫਾਰਮਰ ਜਸਵਿੰਦਰ ਸਿੰਘ ਗਰੇਵਾਲ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਦਾ ਡੇਅਰੀ ਫਾਰਮ ਪਿੰਡ ਲੱਖੀ ਜੰਗਲ ਕੋਟਭਾਈ ਰਜਵਾਹੇ ਦੇ ਖੇਤਾਂ ਵਿੱਚ ਬਣਿਆ ਹੋਇਆ ਸੀ। ਬੀਤੀ ਹੋਈ ਤੇਜ਼ ਬਾਰਿਸ਼ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਉਸ ਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਉਸ ਦਾ ਲਗਭਗ 10 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ ਹੈ। ਦੂਜੇ ਪਾਸੇ, ਪਿੰਡ ਲੱਖੀ ਜੰਗਲ ਦੇ ਸਰਪੰਚ ਬਲਜੀਤ ਸਿੰਘ ਬਰਾੜ ਆਮ ਆਦਮੀ ਪਾਰਟੀ ਦੇ ਆਗੂ ਗੁਰਵਿੰਦਰ ਸਿੰਘ ਲੱਖੀ ਜੰਗਲ, ਚੰਦ ਸਿੰਘ ਹਰਜਿੰਦਰ ਸਿੰਘ, ਅੰਗਰੇਜ਼ ਸਿੰਘ ਅਤੇ ਬਲਵਿੰਦਰ ਸਿੰਘ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਦੀ ਮਾਰ ਦੌਰਾਨ ਪੀੜਤ ਕਿਸਾਨ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।