ਸਿਲੰਡਰ ਹਾਦਸਾ: ਜ਼ੇਰੇ ਇਲਾਜ ਇੱਕ ਹੋਰ ਹਲਵਾਈ ਦੀ ਮੌਤ ਮਗਰੋਂ ਲੋਕ ਰੋਹ ਭਖ਼ਿਆ
ਧਨੌਲਾ ਦੇ ਪ੍ਰਾਚੀਨ ਬਰਨੇਵਾਲਾ ਮੰਦਰ ਵਿਚ ਸਿਲੰਡਰ ਨੂੰ ਅੱਗ ਲੱਗਣ ਕਾਰਨ ਲੰਗਰ ਬਣਾਉਣ ਸਮੇਂ ਝੁਲਸੇ 16 ਵਿਅਕਤੀਆਂ ’ਚ ਅੱਜ ਇੱਕ ਹੋਰ ਹਲਵਾਈ ਬਲਵਿੰਦਰ ਸਿੰਘ ਆਲੂ ਦੀ ਜ਼ੇਰੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ। ਮੌਤ ਦੀ ਖ਼ਬਰ ਸੁਣਦਿਆਂ ਹੀ ਹਲਵਾਈ ਭਾਈਚਾਰੇ ’ਚ ਸੋਗ ਦੀ ਲਹਿਰ ਦੌੜ ਗਈ। ਹਲਵਾਈ ਯੂਨੀਅਨ ਵੱਲੋਂ ਮੰਦਰ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਨੈਸ਼ਨਲ ਹਾਈਵੇਅ ਜਾਮ ਕਰ ਕੇ ਮੰਦਰ ਦੇ ਗੇਟ ਅੱਗੇ ਧਰਨਾ ਲਾ ਕੇ ਮੰਦਰ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਤੋਂ ਹਾਈਵੇਅ ਖਾਲੀ ਕਰਵਾਉਣ ਲਈ ਪੁਲੀਸ ਨੇ ਸਖ਼ਤੀ ਕਰਦਿਆਂ ਹਲਵਾਈ ਯੂਨੀਅਨ ਦੇ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਹਾਈਵੇਅ ਨੂੰ ਚਾਲੂ ਕਰਵਾ ਦਿੱਤਾ। ਹਲਵਾਈ ਯੂਨੀਅਨ ਦੇ ਪ੍ਰਧਾਨ ਜੀਤ ਸਿੰਘ, ਮਲਕੀਤ ਸਿੰਘ, ਗਿਆਨ ਚੰਦ, ਪਿਆਰਾ ਸਿੰਘ, ਸੰਜੁ ਨੇ ਕਿਹਾ ਕਿ ਅੱਗ ਨਾਲ ਝੁਲਸੇ 16 ਵਿਅਕਤੀਆਂ ਵਿੱਚੋਂ ਹਲਵਾਈ ਰਾਮ ਜਤਨ ਦੀ ਮੌਤ ਤੋਂ ਬਾਅਦ ਹੁਣ ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਇਸ ਮੌਤ ਤੋਂ ਬਾਅਦ ਵੀ ਮੌਤਾਂ ਦਾ ਅੰਕੜਾ ਹੋਰ ਵੀ ਵਧ ਸਕਦਾ, ਪਰ ਮੰਦਰ ਕਮੇਟੀ ਵੱਲੋਂ ਹਾਲੇ ਤੱਕ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਹਾਲੇ ਇਲਾਜ ਅਧੀਨ ਫਰੀਦਕੋਟ ਹਸਪਤਾਲ ਦਾਖਲ ਹਨ, ਓਹਨਾ ਦਾ ਵੀ ਇਲਾਜ ਠੀਕ ਨਹੀਂ ਹੋ ਰਿਹਾ, ਨਾ ਹੀ ਮੰਦਰ ਪ੍ਰਬੰਧਕ ਕੋਈ ਸਹਿਯੋਗ ਕਰ ਰਹੇ ਹਨ। ਭਾਜਪਾ ਆਗੂ ਦਰਸ਼ਨ ਸਿੰਘ ਨੈਣਵਾਲੀਆ ਵੀ ਹਲਵਾਈ ਯੂਨੀਅਨ ਦੇ ਧਰਨੇ ’ਚ ਸ਼ਾਮਲ ਹੋਏ। ਹਾਈਵੇਅ ਖਾਲੀ ਕਰਵਾਉਣ ਲਈ ਡੀਐੱਸਪੀ ਸਤਬੀਰ ਸਿੰਘ ਬੈਂਸ ਵੱਲੋਂ ਭਾਰੀ ਪੁਲੀਸ ਫੋਰਸ ਨਾਲ ਧਰਨਾਕਾਰੀਆਂ ਨੂੰ ਘੇਰ ਲਿਆ ਅਤੇ ਸਖ਼ਤੀ ਕਰਦਿਆਂ ਹਲਵਾਈ ਯੂਨੀਅਨ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਸਤਵੀਰ ਸਿੰਘ ਬੈਂਸ ਨੇ ਕਿਹਾ ਕਿ ਧਰਨਾਕਾਰੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣਾ ਧਰਨਾ ਚੁੱਕ ਲੈਣ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਵਾ ਦਿੱਤੀ ਜਾਵੇਗੀ ਪਰ ਧਰਨਾਕਾਰੀ ਆਪਣੀ ਜ਼ਿੱਦ ’ਤੇ ਅੜੇ ਰਹੇ ਜਿਸ ਕਾਰਨ ਪੁਲੀਸ ਨੂੰ ਸਖ਼ਤੀ ਕਰਨੀ ਪਈ ਹੈ।