ਹੇਮਕੁੰਟ ਸਕੂਲ ’ਚ ਬੱਚਿਆਂ ਦੇ ਸੱਭਿਆਚਾਰਕ ਮੁਕਾਬਲੇ
ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਯੋਗ ਅਗਵਾਈ ਤੇ ਪ੍ਰਾਇਮਰੀ ਕੋਆਰਡੀਨੇਟਰ ਰਾਜ਼ੀ ਅਮਰ ਦੀ ਦੇਖ-ਰੇਖ ਹੇਠ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਤੀਆਂ ਸਬੰਧੀ ਸਮਾਗਮ ਕਰਵਾਇਆ ਗਿਆ। ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ, ਭੰਗੜਾ, ਲੋਕ ਬੋਲੀਆਂ, ਸੁਹਾਗ, ਟੱਪੇ, ਭਾਸ਼ਣ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਬੈੱਸਟ ਜੁੱਤੀ ਦਾ ਖ਼ਿਤਾਬ ਪਰਕੀਰਤ ਕੌਰ, ਅਰਪਨਦੀਪ ਕੌਰ, ਬੈੱਸਟ ਟਿੱਕਾ-ਹਰਜੋਤ ਕੌਰ, ਰਹਿਮਤ ਕੌਰ, ਬੈੱਸਟ ਮਹਿੰਦੀ-ਗੁਰਲੀਨ ਕੌਰ, ਬੈੱਸਟ ਫੁਲਕਾਰੀ-ਜਸਮੀਨ ਕੌਰ, ਬੈੱਸਟ ਪਰਾਂਦਾ ਰਵਲੀਨ ਕੌਰ, ਸੁਨੱਖੀ ਮੁਟਿਆਰ-ਅਨੁਪ੍ਰੀਤ ਕੌਰ, ਮਿਸ ਤੀਜ ਦਾ ਖਿਤਾਬ ਅਮਾਨਤਪ੍ਰੀਤ ਕੌਰ ਅਤੇ ਗੁਰਕੀਰਤ ਕੌਰ ਅਤੇ ਮਿਸ ਪੰਜਾਬਣ ਦਾ ਖਿਤਾਬ ਔਸਮ ਅਮਰ ਅਤੇ ਗੁਨਰੀਤ ਕੌਰ ਨੇ ਜਿੱਤਿਆ। ਸਕੂਲ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਹੋਈ ਲਾਈ ਗਈ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਰਹੀ। ਇਸ ਤੋਂ ਬਾਅਦ ਸਕੂਲ ਦੀਆਂ ਵਿਦਿਆਰਣਾਂ ਵੱਲੋਂ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ। ਜੂਨੀਅਰ ਵਿੰਗ ਦੀਆਂ ਨੰਨ੍ਹੀਆਂ-ਮੁੰਨੀਆਂ ਬੱਚੀਆਂ ਵੱਲੋਂ ਡਾਂਸ ਪੇਸ਼ ਕੀਤਾ ਗਿਆ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਐੱਮਡੀ ਰਣਜੀਤ ਕੌਰ ਸੰਧੂ ਅਤੇ ਚੇਅਰਮੈਨ ਕੁਲਵੰਤ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਸਾਡੇ ਪੰਜਾਬ ਦਾ ਸੱਭਿਆਚਾਰ ਬੜ੍ਹਾ ਹੀ ਗੌਰਵਸ਼ਾਲੀ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਤੀਜ’ ਸਾਵਣ ਮਹੀਨੇ ਦਾ ਤਿਉਹਾਰ ਹੈ ਜੋ ਹਰਿਆਲੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਸਕੂਲ ਪ੍ਰਿੰਸੀਪਲ ਅਮਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਅਤੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ। ਅੰਤ ਵਿੱਚ ਹੇਮਕੁੰਟ ਸੰਸਥਾਵਾਂ ਦੇ ਐੱਮਡੀ ਰਣਜੀਤ ਕੌਰ ਸੰਧੂ ਅਤੇ ਸਕੂਲ ਪ੍ਰਿੰਸੀਪਲ ਅਮਰਦੀਪ ਸਿੰਘ ਵੱਲੋਂ ਸਾਰੇ ਸਟਾਫ ਨੂੰ ‘ਤੀਆਂ’ ਦੀ ਵਧਾਈ ਦਿੱਤੀ।