ਫ਼ਸਲਾਂ ਪਾਣੀ ਮੰਗਣ ਲੱਗੀਆਂ
ਮਾਲਵਾ ਖੇਤਰ ਵਿੱਚ ਮੀਂਹ ਨਾ ਪੈਣ ਕਰਕੇ ਫ਼ਸਲਾਂ ਪਾਣੀ ਮੰਗਣ ਲੱਗੀਆਂ ਹਨ। ਝੋਨੇ ਦੀ ਫ਼ਸਲ ਨਿਸਰਨ ਵਾਲੇ ਪਾਸੇ ਜਾਣ ਕਰਕੇ ਅਤੇ ਨਰਮੇ ਦੀ ਫ਼ਸਲ ਦੇ ਟੀਂਡੇ ਬਣਨ ਕਰਕੇ ਇਨ੍ਹਾਂ ਦਿਨਾਂ ਵਿੱਚ ਪਾਣੀ ਦੀ ਬੇਹੱਦ ਲੋੜ ਹੁੰਦੀ ਹੈ, ਪਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਕਿਸਾਨਾਂ ਨੂੰ ਸਿਰਫ਼ 3 ਘੰਟੇ ਬਿਜਲੀ ਹੀ ਦੇਣ ਕਾਰਨ ਖੇਤਾਂ ਵਿੱਚ ਟਿਊਬਵੈਲ ਚੱਲਣ ਲੱਗੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਝੋਨੇ, ਨਰਮੇ ਸਮੇਤ ਹੋਰ ਸਾਉਣੀ ਦੀਆਂ ਫ਼ਸਲਾਂ ਨੂੰ ਔੜ ਨਾ ਲੱਗਣ ਦੇਣ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਫ਼ਸਲਾਂ ਨੂੰ ਇਸ ਵੇਲੇ ਪਾਣੀ ਦੀ ਰਹੀ ਘਾਟ ਨੇ ਝਾੜ ਉਪਰ ਵੱਡੇ ਪੱਧਰ ’ਤੇ ਮਾੜਾ ਅਸਰ ਪਾਉਣ ਦਾ ਖਦਸ਼ਾ ਪੈਦਾ ਹੋਣ ਲੱਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ, ਮਾਖਾ, ਰਾਏਪੁਰ, ਖੋਖਰ ਕਲਾਂ, ਖੋਖਰ ਖੁਰਦ, ਭੈਣੀਬਾਘਾ ਸਮੇਤ ਹੋਰ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਭਾਵੇਂ ਨਰਮੇ ਦੀ ਫ਼ਸਲ ਬਹੁਤ ਸੋਹਣੀ ਹੈ, ਪਰ ਸਭ ਤੋਂ ਵੱਧ ਜ਼ਰੂਰੀ ਫ਼ਸਲਾਂ ਨੂੰ ਲਗਾਤਾਰ ਪਾਣੀ ਦੇਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਲੋੜ ਅਨੁਸਾਰ ਫ਼ਸਲ ਨੂੰ ਲਗਾਤਾਰ ਪਾਣੀ ਦਿੰਦੇ ਰਹਿਣ। ਪਿੰਡ ਗੁਰਨੇ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਭਾਵੇਂ ਪਹਿਲਾਂ ਭਾਦੋਂ ਦੇ ਅੱਧ ਵਿੱਚ ਠੰਢ ਉਤਰ ਆਉਂਦੀ ਸੀ, ਪਰ ਇਸ ਵਾਰ ਦਿਨ ਅਤੇ ਰਾਤ ਦੀ ਪੈ ਰਹੀ ਗਰਮੀ ਫ਼ਸਲਾਂ ਤੋਂ ਸਹਾਰੀ ਨਹੀਂ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕੇ ਪਾਣੀ ਲਾਉਣਾ ਪੈ ਰਿਹਾ ਹੈ।