ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਰੀਦਕੋਟ ਵਿੱਚ ਹੋਣ ਵਾਲਾ ਕ੍ਰਿਕਟ ਟੂਰਨਾਮੈਂਟ ਵਿਵਾਦਾਂ ’ਚ ਘਿਰਿਆ

ਖਿਡਾਰੀਆਂ ਦੀ ਚੋਣ ਵਿੱਚ ਧਾਂਦਲੀ ਦੇ ਇਲਜ਼ਾਮ; ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼
Advertisement
ਫਰੀਦਕੋਟ ਵਿੱਚ 24 ਅਕਤੂਬਰ ਤੋਂ ਸ਼ੁਰੂ ਹੋ ਰਹੇ ਅੰਡਰ 14 ਕ੍ਰਿਕਟ ਟੂਰਨਾਮੈਂਟ ਵਿਵਾਦਾਂ ਵਿੱਚ ਘਿਰ ਗਿਆ ਹੈ। ਇਲਜ਼ਾਮ ਲੱਗੇ ਹਨ ਕਿ ਇਸ ਟੂਰਨਾਮੈਂਟ ਲਈ ਫਰੀਦਕੋਟ ਜ਼ਿਲ੍ਹੇ ਦੀ ਜਿਹੜੀ ਕ੍ਰਿਕਟ ਟੀਮ ਚੁਣੀ ਗਈ ਹੈ ਉਸ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ, ਜਦੋਂ ਕਿ ਕੁਝ ਸਿਫਾਰਸ਼ੀ ਖਿਡਾਰੀਆਂ ਨੂੰ ਕ੍ਰਿਕਟ ਵਿੱਚ ਸ਼ਾਮਲ ਕੀਤਾ ਗਿਆ ਹੈ। ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਆਈਏਐੱਸ ਅਧਿਕਾਰੀ ਅਨਿਦਿਤਾ ਮਿਸ਼ਰਾ ਨੂੰ ਇਸ ਮਾਮਲੇ ਦੀ ਪੜਤਾਲ ਕਰਕੇ ਕਸੂਰਵਾਰਾਂ ਖ਼ਿਲਾਫ਼ ਤੁਰੰਤ ਕਾਰਵਾਈ ਲਈ ਲਿਖਿਆ ਗਿਆ ਹੈ।

ਫਰੀਦਕੋਟ ਤੇ ਵਸਨੀਕ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਅਰਜੁਨ ਸਿੰਘ ਇਸ ਟੂਰਨਾਮੈਂਟ ਵਿੱਚ ਖੇਡਣ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਅਤੇ ਹੁਣ ਤੱਕ ਉਸ ਦਾ ਪ੍ਰਦਰਸ਼ਨ ਤਸੱਲੀਬਖਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮੇਟੀ ਨੇ ਲਿਟਲ ਐਂਜਲ ਸਕੂਲ ਦੇ ਇੱਕ ਵਿਦਿਆਰਥੀ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ। ਜਦੋਂ ਕਿ ਲਿਟਲ ਐਂਜਲ ਸਕੂਲ ਨੇ ਲਿਖਤੀ ਤੌਰ ’ਤੇ ਮੰਨਿਆ ਹੈ ਕਿ ਜਿਸ ਵਿਦਿਆਰਥੀ ਦੀ ਕ੍ਰਿਕਟ ਟੀਮ ਲਈ ਚੋਣ ਕੀਤੀ ਗਈ ਹੈ, ਉਹ ਉਨ੍ਹਾਂ ਦੇ ਸਕੂਲ ਵਿੱਚ ਕਦੇ ਵੀ ਨਹੀਂ ਪੜ੍ਹਿਆ ਅਤੇ ਨਾ ਹੁਣ ਪੜ੍ਹਦਾ ਹੈ। ਪ੍ਰਿਤਪਾਲ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਇਲਜ਼ਾਮ ਲਾਇਆ ਹੈ ਕਿ ਕੁਝ ਖਿਡਾਰੀਆਂ ਦੀ ਉਮਰ ਛੋਟੀ ਦਿਖਾਉਣ ਲਈ ਕਥਿਤ ਤੌਰ ’ਤੇ ਫਰਜ਼ੀ ਸਰਟੀਫਿਕੇਟ ਵੀ ਤਿਆਰ ਕੀਤੇ ਗਏ ਹਨ।

Advertisement

ਮੈਰਿਟ ਦੇ ਆਧਾਰ ’ਤੇ ਹੋਈ ਚੋਣ: ਕਨਵੀਨਰ

ਚੋਣ ਕਮੇਟੀ ਦੇ ਕਨਵੀਨਰ ਗੁਰਭਗਤ ਸਿੰਘ ਦੀ ਸੰਪਰਕ ਕਰਨ ’ਤੇ ਕਿਹਾ ਖਿਡਾਰੀਆਂ ਦੀ ਚੋਣ ਮੈਰਿਟ ਦੇ ਅਧਾਰ 'ਤੇ ਹੋਈ ਹੈ ਅਤੇ ਕਿਸੇ ਨਾਲ ਵੀ ਕੋਈ ਪੱਖਪਾਤ ਨਹੀਂ ਹੋਇਆ। ਜ਼ਿਲ੍ਹਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਧਾਂਦਲੀ ਬਾਰੇ ਲਿਖਤੀ ਸ਼ਿਕਾਇਤ ਮਿਲੀ ਹੈ ਅਤੇ ਉਨ੍ਹਾਂ ਸਾਰਿਆਂ ਕੋਲੋਂ ਲਿਖਤੀ ਸਪਸ਼ਟੀਕਰਨ ਮੰਗਿਆ ਹੈ। ਕੇਵਲ ਕੌਰ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਖਿਡਾਰੀ ਨਾਲ ਭੇਦਭਾਵ ਹੋਇਆ ਹੈ ਤਾਂ ਉਸ ਨੂੰ ਬਿਨਾਂ ਦੇਰੀ ਇਨਸਾਫ ਦਿੱਤਾ ਜਾਵੇਗਾ।

 

 

Advertisement
Show comments