ਫਰੀਦਕੋਟ ਵਿੱਚ ਹੋਣ ਵਾਲਾ ਕ੍ਰਿਕਟ ਟੂਰਨਾਮੈਂਟ ਵਿਵਾਦਾਂ ’ਚ ਘਿਰਿਆ
ਫਰੀਦਕੋਟ ਤੇ ਵਸਨੀਕ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਅਰਜੁਨ ਸਿੰਘ ਇਸ ਟੂਰਨਾਮੈਂਟ ਵਿੱਚ ਖੇਡਣ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਅਤੇ ਹੁਣ ਤੱਕ ਉਸ ਦਾ ਪ੍ਰਦਰਸ਼ਨ ਤਸੱਲੀਬਖਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮੇਟੀ ਨੇ ਲਿਟਲ ਐਂਜਲ ਸਕੂਲ ਦੇ ਇੱਕ ਵਿਦਿਆਰਥੀ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ। ਜਦੋਂ ਕਿ ਲਿਟਲ ਐਂਜਲ ਸਕੂਲ ਨੇ ਲਿਖਤੀ ਤੌਰ ’ਤੇ ਮੰਨਿਆ ਹੈ ਕਿ ਜਿਸ ਵਿਦਿਆਰਥੀ ਦੀ ਕ੍ਰਿਕਟ ਟੀਮ ਲਈ ਚੋਣ ਕੀਤੀ ਗਈ ਹੈ, ਉਹ ਉਨ੍ਹਾਂ ਦੇ ਸਕੂਲ ਵਿੱਚ ਕਦੇ ਵੀ ਨਹੀਂ ਪੜ੍ਹਿਆ ਅਤੇ ਨਾ ਹੁਣ ਪੜ੍ਹਦਾ ਹੈ। ਪ੍ਰਿਤਪਾਲ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਇਲਜ਼ਾਮ ਲਾਇਆ ਹੈ ਕਿ ਕੁਝ ਖਿਡਾਰੀਆਂ ਦੀ ਉਮਰ ਛੋਟੀ ਦਿਖਾਉਣ ਲਈ ਕਥਿਤ ਤੌਰ ’ਤੇ ਫਰਜ਼ੀ ਸਰਟੀਫਿਕੇਟ ਵੀ ਤਿਆਰ ਕੀਤੇ ਗਏ ਹਨ।
ਮੈਰਿਟ ਦੇ ਆਧਾਰ ’ਤੇ ਹੋਈ ਚੋਣ: ਕਨਵੀਨਰ
ਚੋਣ ਕਮੇਟੀ ਦੇ ਕਨਵੀਨਰ ਗੁਰਭਗਤ ਸਿੰਘ ਦੀ ਸੰਪਰਕ ਕਰਨ ’ਤੇ ਕਿਹਾ ਖਿਡਾਰੀਆਂ ਦੀ ਚੋਣ ਮੈਰਿਟ ਦੇ ਅਧਾਰ 'ਤੇ ਹੋਈ ਹੈ ਅਤੇ ਕਿਸੇ ਨਾਲ ਵੀ ਕੋਈ ਪੱਖਪਾਤ ਨਹੀਂ ਹੋਇਆ। ਜ਼ਿਲ੍ਹਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਧਾਂਦਲੀ ਬਾਰੇ ਲਿਖਤੀ ਸ਼ਿਕਾਇਤ ਮਿਲੀ ਹੈ ਅਤੇ ਉਨ੍ਹਾਂ ਸਾਰਿਆਂ ਕੋਲੋਂ ਲਿਖਤੀ ਸਪਸ਼ਟੀਕਰਨ ਮੰਗਿਆ ਹੈ। ਕੇਵਲ ਕੌਰ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਖਿਡਾਰੀ ਨਾਲ ਭੇਦਭਾਵ ਹੋਇਆ ਹੈ ਤਾਂ ਉਸ ਨੂੰ ਬਿਨਾਂ ਦੇਰੀ ਇਨਸਾਫ ਦਿੱਤਾ ਜਾਵੇਗਾ।