ਕ੍ਰਿਕਟ ਲੀਗ: ਸਰਸਵਤੀ ਅਕੈਡਮੀ ਜੇਤੂ ਰਹੀ
ਇੱਥੇ ਕ੍ਰਿਕਟ ਮੈਦਾਨ ਵਿੱਚ ਹੋਈ ਸਪੋਰਟਸ ਗ੍ਰੀਡ ਦੀ ਪਲੇਠੀ ‘ਅੰਡਰ-20 ਕ੍ਰਿਕਟ ਲੀਗ’ ਦੇ ਫਾਈਨਲ ਵਿੱਚ ‘ਸਰਸਵਤੀ ਕ੍ਰਿਕਟ ਅਕੈਡਮੀ’ ਨੇ ‘ਕਰੀਰਵਾਲੀ ਅਕੈਡਮੀ’ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ।
ਟਾਸ ਜਿੱਤ ਕੇ ਸਰਸਵਤੀ ਅਕੈਡਮੀ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ। ਤੇਜਪਾਲ ਸਿੰਘ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਵਿਚਕਾਰਲੇ ਓਵਰਾਂ ਵਿੱਚ ਵਿਕਟਾਂ ਦੇ ਡਿੱਗਦੇ ਰਹਿਣ ਕਾਰਨ ਟੀਮ 99 ਦੌੜਾਂ ’ਤੇ ਆਲਆਊਟ ਹੋ ਗਈ। ਕਰੀਰਵਾਲੀ ਅਕੈਡਮੀ ਨੇ ਸ਼ੁਰੂਆਤ ਤਾਂ ਠੀਕ ਕੀਤੀ ਪਰ ਕਰਨ ਜੈਤੋ ਦੀ ਗੇਂਦਬਾਜ਼ੀ ਨੇ ਮੈਚ ਦਾ ਰੁਖ਼ ਹੀ ਬਦਲ ਦਿੱਤਾ। ਉਸ ਨੇ 3.3 ਓਵਰਾਂ ਵਿੱਚ ਸਿਰਫ਼ 8 ਦੌੜਾਂ ਦੇ ਕੇ ਸੱਤ ਵਿਕਟਾਂ ਹਾਸਲ ਕੀਤੀਆਂ। ਉਸ ਨਾਲ ਪ੍ਰਭਜੋਤ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵਿਕਟਾਂ ਲਈਆਂ। ਕਰੀਰਵਾਲੀ ਦੀ ਪੂਰੀ ਟੀਮ 15.3 ਓਵਰਾਂ ਵਿੱਚ ਕੇਵਲ 77 ਦੌੜਾਂ ਹੀ ਬਣਾ ਸਕੀ।
‘ਮੈਨ ਆਫ ਦਿ ਸੀਰੀਜ਼’ ਬਣੇ ਹਨੀ ਕਰੀਰਵਾਲੀ ਨੂੰ ਕ੍ਰਿਕਟ ਖਿਡਾਰੀ ਦਵਿੰਦਰ ਪਾਲ ‘ਅੱਜੂ’ ਨੇ ਬੱਲਾ ਸਨਮਾਨ ਵਜੋਂ ਭੇਟ ਕੀਤਾ। ਇਸੇ ਤਰ੍ਹਾਂ 2005 ਬੈਚ ਦੇ ਨੌਜਵਾਨ ਖਿਡਾਰੀ ਰਜਵੰਸ਼ ਫ਼ਰੀਦਕੋਟ ਨੂੰ ਐੱਸ ਕੇ ਟੀ ਵੱਲੋਂ ਬੱਲਾ ਭੇਟ ਕੀਤਾ ਗਿਆ। ‘ਸੱਗੂ ਮੋਟਰਜ਼’ ਦੇ ਮਾਲਕ ਸੋਨੀ ਨੇ ਬਿਹਤਰੀਨ ਗੇਂਦਬਾਜ਼ ਨੂੰ ਬੂਟ ਦਿੱਤੇ।
ਪ੍ਰਬੰਧਕ ਕਮੇਟੀ ਦੇ ਮੈਂਬਰਾਂ ਕਰਨਵੀਰ ਸਿੰਘ ਅਤੇ ਸਰਬਦੀਪ ਸਿੰਘ ਧਾਲੀਵਾਲ ਨੇ ਸਾਥੀ ਪ੍ਰਬੰਧਕਾਂ ਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬਾਬਾ ‘ਫ਼ਰੀਦ ਕ੍ਰਿਕਟ ਅਕੈਡਮੀ’ ਦੇ ਕੋਚ ਰਾਜਵਿੰਦਰ ਸਿੰਘ ਮਾਨ ਅਤੇ ‘ਸਰਸਵਤੀ ਅਕੈਡਮੀ’ ਦੇ ਕੋਚ ਅਮਨਦੀਪ ਸਿੰਗਲਾ ਦਾ ਇਸ ਲੀਗ ਦੀ ਕਾਮਯਾਬੀ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ। ਇਸ ਲੀਗ ਦੀ ਕਾਮਯਾਬੀ ਵਿੱਚ ਜੈਤੋ ਦੇ ਸੀਨੀਅਰ ਖਿਡਾਰੀ ਦਵਿੰਦਰ ਪਾਲ ਅੱਜੂ, ਜਸਵਿੰਦਰ ਸਿੰਘ, ਅਮਨ ਬਰਾੜ, ਧਰਮਜੀਤ ਵਿੱਕੀ, ਰਾਜ ਬੱਬਰ, ਕੋਮਲ ਸ਼ਰਮਾ, ਪ੍ਰਗਟ ਸਿੰਘ ਅਤੇ ਦੀਦਾਰ ਸਿੰਘ ਦਾ ਵਿਸ਼ੇਸ਼ ਯੋਗਦਾਨ ਵੀ ਸਲਾਹੁਣਯੋਗ ਰਿਹਾ।
