ਸੀ ਪੀ ਆਈ ਵੱਲੋਂ ਹਮਖਿਆਲ ਪਾਰਟੀਆਂ ਨਾਲ ਚੋਣਾਂ ਲੜਨ ਦਾ ਐਲਾਨ
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਰੀਦਕੋਟ ਨੇ ਤਿੰਨੇ ਤਹਿਸੀਲਾਂ ਦੀਆਂ ਕਾਨਫਰੰਸਾਂ ਮੁਕੰਮਲ ਕਰਨ ਮਗਰੋਂ ਐਲਾਨ ਕੀਤਾ ਕਿ ਪਾਰਟੀ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹਮਖਿਆਲ ਪਾਰਟੀਆਂ ਨਾਲ ਰਲ ਕੇ ਲੜੇਗੀ। ਇਹ ਜਾਣਕਾਰੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਇਥੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਾਰਟੀ ਹਾਈਕਮਾਂਡ ਨੇ ਇਹ ਫੈਸਲਾ ਕੀਤਾ ਹੈ ਕਿ ਇਨ੍ਹਾਂ ਚੋਣਾ ਲਈ ਇਮਾਨਦਾਰ ਛਵੀ ਵਾਲੇ ਉਮੀਦਵਾਰ ਸਾਹਮਣੇ ਲਿਆਂਦੇ ਜਾਣਗੇ। ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਗੁਰਨਾਮ ਸਿੰਘ, ਗੋਰਾ ਪਿਪਲੀ, ਸੁਖਜਿੰਦਰ ਸਿੰਘ ਤੂੰਬੜਭੰਨ, ਮਨਜੀਤ ਕੌਰ ਅਤੇ ਸ਼ਸ਼ੀ ਸ਼ਰਮਾ ਨੇ ਕਿਹਾ ਕਿ ਫਰੀਦਕੋਟ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨ ਅਤੇ ਬਲਾਕ ਸੰਮਤੀਆਂ ਦੇ 63 ਜ਼ੋਨਾਂ ਤੋਂ ਉਮੀਦਵਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਚਾਹਵਾਨਾਂ ਉਮੀਦਵਾਰਾਂ ਤੋਂ ਟਿਕਟ ਵਾਸਤੇ ਅਰਜ਼ੀਆਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਈਵਾਲ ਹਮਖਿਆਲ ਪਾਰਟੀਆਂ ਨਾਲ ਸੀਟਾਂ ਦੀ ਵੰਡ ਤੈਅ ਕਰਕੇ ਜਲਦੀ ਹੀ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਾਰਿਆ ਜਾਵੇਗਾ।
