ਭਦੌੜ ਦੀਆਂ ਸਮੱਸਿਆਵਾਂ ਸਬੰਧੀ ਕੌਂਸਲ ਪ੍ਰਧਾਨ ਡੀ ਸੀ ਨੂੰ ਮਿਲੇ
ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਅੱਜ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਖਿਆ ਕਿ ਡੀ ਸੀ ਨਾਲ ਸਾਰੀ ਗੱਲਬਾਤ ਸ਼ਾਜਗਾਰ ਮਾਹੌਲ ਵਿਚ ਹੋਈ ਹੈ। ਸ੍ਰੀ ਮੁਨੀਸ਼ ਗਰਗ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਬਾਰੇ ਡੀ ਸੀ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕਰਵਾਉਣ ਦੀ ਅਪੀਲ ਕੀਤੀ। ਪ੍ਰਧਾਨ ਮਨੀਸ਼ ਕੁਮਾਰ ਨੇ ਕਿਹਾ ਕਿ ਅੱਜ ਉਹ ਕਸਬਾ ਭਦੌੜ ਦੀਆਂ ਸਮੱਸਿਆਵਾਂ ਬਾਰੇ ਡੀ ਸੀ ਨੂੰ ਮਿਲੇ ਸਨ ਜਿਨ੍ਹਾਂ ’ਚ ਛੱਪੜਾਂ ਨੂੰ ਡੂੰਘਾ ਕਰਨਾ ਤੇ ਚਾਰ ਦੀਵਾਰੀ ਕਰਵਾਉਣੀ, ਗੰਦਾ ਪਾਣੀ ਸੜਕਾਂ-ਗਲੀਆਂ ’ਚ ਖੜ੍ਹਨ ਦਾ ਹੱਲ ਕਰਨਾ, ਬਰਨਾਲਾ-ਬਾਜਾਖਾਨਾ ਮੇਨ ਸੜਕ ਦੀ ਮਾੜੀ ਹਾਲਤ ਠੀਕ ਕਰਵਾਉਣਾ, ਵਾਟਰ ਸਪਲਾਈ ਦੀਆਂ ਨਵੀਆਂ ਪਾਈਪਾਂ ਪਾਉਣ ਕਾਰਨ ਖ਼ਰਾਬ ਹੋਏ ਰਸਤੇ ਬਣਾਉਣਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਟੁੱਟੇ ਰਸਤਿਆਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਪਰ ਸੀਵਰੇਜ ਬੋਰਡ ਦੇ ਕਿਸੇ ਵੀ ਅਧਿਕਾਰੀਆਂ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਡੀ ਸੀ ਨੂੰ ਸਬੰਧਤ ਥਾਵਾਂ ਦੀਆਂ ਤਸਵੀਰਾਂ ਵੀ ਦਿਖਾਈਆਂ। ਉਨ੍ਹਾਂ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਟੀ ਬੈਨਿਥ ਬਰਨਾਲਾ ਨੇ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਤਸਵੀਰਾਂ ਦੇਖੀਆਂ। ਪ੍ਰਧਾਨ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਸ਼ਹਿਰ ਦੀਆਂ ਸਮੱਸਿਆਂ ਦਾ ਜਲਦੀ ਤੋਂ ਜਲਦੀ ਕੋਈ ਹੱਲ ਹੋਵੇਗਾ। ਉਨ੍ਹਾਂ ਆਖਿਆ ਕਿ ਸਮੱਸਿਆਵਾਂ ਹੱਲ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ।
