ਦਫ਼ਤਰਾਂ ’ਚ ਭ੍ਰਿਸ਼ਟਾਚਾਰ ਦੀ ਗੂੰਜ
ਵਿਜੀਲੈਂਸ ਇੰਸਪੈਕਟਰ ਨੇ ਮਹਿਲ ਕਲਾਂ ਦੇ ਵੱਖ-ਵੱਖ ਸਰਕਾਰੀ ਦਫਤਰਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਹੋਣ ਦਾ ਦਾਅਵਾ ਕੀਤਾ ਹੈ। ਬਰਨਾਲਾ ਦੇ ਜ਼ਿਲ੍ਹਾ ਵਿਜੀਲੈਂਸ ਇੰਸਪੈਕਟਰ ਗੁਰਮੇਲ ਨੇ ਇਹ ਦਾਅਵਾ ਸ਼ਹੀਦ ਜੰਗ ਸਿੰਘ ਪਾਰਕ ਮਹਿਲ ਕਲਾਂ ਮਹਿਲ ਕਲਾਂ ਵਿੱਚ ‘ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ’ ਸਮਾਗਮ ਦੌਰਾਨ ਕੀਤਾ। ਉਨ੍ਹਾਂ ਆਖਿਆ ਕਿ ਕਿਹਾ ਕਿ ਮਹਿਲ ਕਲਾਂ ਦੇ ਐੱਸਡੀਐੱਮ, ਤਹਿਸੀਲਦਾਰ ਤੇ ਬਲਾਕ ਦਫ਼ਤਰਾਂ ਸਮੇਤ ਪੁਲੀਸ ਥਾਣੇ ਵਿੱਚ ਸ਼ਰੇਆਮ ਹੋ ਰਹੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਇਨ੍ਹਾਂ ਦਫ਼ਤਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਕਈ ਮੁਲਾਜ਼ਮ ਲਗਾਤਾਰ ਡਿਊਟੀ ਦੇ ਰਹੇ ਹਨ, ਜਿਸ ਕਰਕੇ ਵਿਜੀਲੈਂਸ ਬਿਊਰੋ ਬਰਨਾਲਾ ਹੁਣ ਮਹਿਲਕਲਾਂ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਖਾਸ ਧਿਆਨ ਰੱਖੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਕੋਈ ਵੱਡੀ ਕਾਰਵਾਈ ਅਮਲ ਵਿੱਚ ਆਵੇਗੀ।
ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਸਮਾਗਮ ਸਬੰਧੀ ਡੀਸੀ ਦਫਤਰ ਬਰਨਾਲਾ ਵੱਲੋਂ ਸਾਰੇ ਮਹਿਲ ਕਲਾਂ ਦੇ ਦਫਤਰਾਂ ਵਿੱਚ ਪਹੁੰਚਣ ਲਈ ਸੱਦਾ ਪੱਤਰ ਦਿੱਤਾ ਗਿਆ ਸੀ, ਜਿੱਥੇ ਸਭ ਨੂੰ ਭ੍ਰਿਸ਼ਟਾਚਾਰ ਵਿਰੋਧੀ ਸਹੁੰ ਚੁਕਾਈ ਜਾਣੀ ਸੀ। ਪਰ ਇਸ ਸਮਾਗਮ ਵਿੱਚ ਕੋਈ ਅਧਿਕਾਰੀ ਹੀ ਨਹੀਂ ਪਹੁੰਚਿਆ, ਜਿਸ ਤੋਂ ਇਥੋਂ ਦੇ ਦਫ਼ਤਰਾਂ ਦੀ ਕਾਰਗੁਜ਼ਾਰੀ ਉੱਪਰ ਸਵਾਲ ਉੱਠਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਮਹਿਲ ਕਲਾਂ ਵਿੱਚ ਹੋ ਰਹੇ ਇਸ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਖਾਸ ਤਿਆਰੀ ਵਿੱਢੇਗਾ। ਵਿਜੀਲੈਂਸ ਬਰਨਾਲਾ ਦੇ ਡੀਐਸਪੀ ਹਰਮਿੰਦਰ ਸਿੰਘ ਅਤੇ ਇੰਸਪੈਕਟਰ ਗੁਰਮੇਲ ਸਿੰਘ ਨੇ ਮਹਿਲ ਕਲਾਂ ਇਲਾਕੇ ਦੇ ਲੋਕਾਂ ਨੂੰ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਰਿਸ਼ਵਤ ਮੰਗਣ ‘ਤੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ।
