ਨਿਗਮ ਵੱਲੋਂ 19 ਕਰੋੜ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ
ਨਗਰ ਨਿਗਮ ਬਠਿੰਡਾ ਦੀ ਐਫ ਐਂਡ ਸੀ ਸੀ (ਵਿੱਤ ਅਤੇ ਠੇਕਾ ਕਮੇਟੀ) ਦੀ ਮੀਟਿੰਗ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਮੈਡਮ ਕੰਚਨ, ਆਈ ਏ ਐਸ, ਐਫ ਐਂਡ ਸੀਸੀ ਮੈਂਬਰ ਮੈਡਮ ਪ੍ਰਵੀਨ ਗਰਗ, ਰਤਨ ਰਾਹੀ ਅਤੇ ਉਮੇਸ਼ ਗੋਗੀ, ਸੀਨੀਅਰ ਕਾਰਜਕਾਰੀ ਇੰਜਨੀਅਰ ਸੰਦੀਪ ਗੁਪਤਾ, ਸੰਦੀਪ ਰੋਮਾਣਾ, ਐਕਸੀਅਨ ਰਾਜਿੰਦਰ ਗੁਪਤਾ, ਨੀਰਜ ਕੁਮਾਰ ਮੌਜੂਦ ਸਨ। ਮੀਟਿੰਗ ਦੌਰਨ ਲਗਪਗ 19 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਸ ਕੀਤੇ ਗਏ ਏਜੰਡਿਆਂ ਵਿੱਚ ਵਾਰਡ ਨੰਬਰ 48 ਵਿੱਚ ਲਗਪਗ 1 ਕਰੋੜ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਦੀ ਉਸਾਰੀ, ਕਰੋੜਾਂ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ-ਕਮ-ਸਿਟੀਜੈਂਸ ਹੋਮ ਦੀ ਉਸਾਰੀ, ਵਾਟਰ ਟ੍ਰੀਟਮੈਂਟ ਸਮੱਗਰੀ ਦੀ ਖਰੀਦ, ਐੱਲਈਡੀ ਲਾਈਟਾਂ ਦੀ ਖਰੀਦ, ਨਰੂਆਣਾ ਰੋਡ ’ਤੇ ਪਾਣੀ ਦੇ ਟਿਊਬਵੈੱਲ ਦੀ ਉਸਾਰੀ, ਅਮਰਪੁਰਾ ਬਸਤੀ ਤੇ ਉਦਯੋਗਿਕ ਖੇਤਰ ਦੇ ਪਾਰਕਾਂ ਵਿੱਚ ਓਪਨ-ਏਅਰ ਜਿਮ ਦੀ ਸਥਾਪਨਾ ਸ਼ਾਮਲ ਹੈ। ਸ੍ਰੀ ਮਹਿਤਾ ਨੇ ਕਿਹਾ ਕਿ ਮੀਟਿੰਗ ਵਿੱਚ ਗੁੱਗਾ ਮਾੜੀ ਮੰਦਰ ਦੇ ਨੇੜੇ ਬੱਚਿਆਂ ਲਈ ਦੋ ਖੇਡ ਏਰੀਨਿਆਂ ਦੀ ਉਸਾਰੀ, ਲਗਪਗ 2.45 ਕਰੋੜ ਰੁਪਏ ਦੀ ਲਾਗਤ ਨਾਲ ਭਾਗੂ ਰੋਡ ’ਤੇ ਹੈੱਡ ਵਾਟਰ ਵਰਕਸ ਨੂੰ ਜੋਗਰ ਪਾਰਕ ਵਜੋਂ ਵਿਕਸਤ ਕਰਨਾ, ਲਗਪਗ 2.43 ਕਰੋੜ ਰੁਪਏ ਦੀ ਲਾਗਤ ਨਾਲ ਰੋਜ਼ ਗਾਰਡਨ ਚੌਕ ਤੋਂ ਪੁਲੀਸ ਲਾਈਨ ਤੱਕ ਫੁੱਟਪਾਥਾਂ ਦਾ ਨਿਰਮਾਣ ਅਤੇ ਲਗਪਗ 1.70 ਕਰੋੜ ਰੁਪਏ ਦੀ ਲਾਗਤ ਨਾਲ ਫੋਕਲ ਪੁਆਇੰਟ ਖੇਤਰ ਵਿੱਚ ਸੜਕਾਂ ਨੂੰ ਸੁੰਦਰ ਬਣਾਉਣ ਲਈ ਪ੍ਰੀਮਿਕਸ ਅਤੇ ਟਾਈਲਾਂ ਵਿਛਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਨਿਗਮ ਦਾ ਟੀਚਾ ਸ਼ਹਿਰ ਦੀਆਂ ਸੜਕਾਂ, ਸੀਵਰੇਜ ਸਿਸਟਮ, ਪਾਰਕਾਂ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਹੈ।
ਮੇਅਰ ਦੀ ਅਗਵਾਈ ਹੇਠ ਫਾਇਰ ਬ੍ਰਿਗੇਡ ਹੋਰ ਮਜ਼ਬੂਤ ਹੋਈ
ਬਠਿੰਡਾ: ਮੇਅਰ ਪਦਮਜੀਤ ਸਿੰਘ ਮਹਿਤਾ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਨਵੀਆਂ ਤੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਹੈ। ਉਨ੍ਹਾਂ ਕਿਹਾ ਪਹਿਲੀ ਵਾਰ ਨਿਗਮ ਨੂੰ “ਬਾਊਜ਼ਰ” ਵਾਹਨ ਮਿਲਿਆ ਹੈ, ਜੋ 14,000 ਲਿਟਰ ਪਾਣੀ ਦੀ ਸਮਰੱਥਾ ਰੱਖਦਾ ਹੈ। ਇਸ ਮੌਕੇ ਉਨ੍ਹਾਂ ਨੇ ਇੱਕ ਕੁਇੱਕ ਰਿਸਪਾਂਸ ਵਾਹਨ (ਕਿਊਆਰਵੀ) ਅਤੇ ਇੱਕ ਮਿੰਨੀ ਵਾਟਰ ਟੈਂਡਰ ਦਾ ਵੀ ਉਦਘਾਟਨ ਕੀਤਾ। ਇਹ ਤਿੰਨ ਵਾਹਨ ਲਗਪਗ 1.20 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿਊਆਰਵੀ ਵਿੱਚ 300 ਲਿਟਰ ਪਾਣੀ ਤੇ 50 ਲਿਟਰ ਫੌਗ ਦੀ ਸਮਰੱਥਾ ਹੈ, ਜਿਸ ਨਾਲ ਇਹ ਤੰਗ ਗਲੀਆਂ ਵਿੱਚ ਆਸਾਨੀ ਨਾਲ ਦਾਖਲ ਹੋ ਸਕਦਾ ਹੈ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲਾਈਨੋਂ ਪਾਰ ਖੇਤਰ ਵਿੱਚ ਦੋ ਵਾਹਨ ਅਤੇ ਪੂਰਾ ਫਾਇਰ ਸਟਾਫ ਤਾਇਨਾਤ ਕੀਤਾ ਜਾਵੇਗਾ।