ਭੂਰਾ ਸਿੰਘ ਮਾਨ ਦੀ ਬਰਸੀ ਮੌਕੇ ਕਨਵੈਨਸ਼ਨ ਕਰਵਾਈ
ਪੰਜਾਬ ਕਿਸਾਨ ਯੂਨੀਅਨ ਵੱਲੋਂ ਲੈਂਡ ਪੂਲਿੰਗ ਨੀਤੀ ਅਤੇ ਅਮਰੀਕਾ ਵੱਲੋਂ ਟੈਰਿਫ਼ ਵਧਾਉਣ ਦੇ ਮਸਲੇ ਨੂੰ ਲੈ ਕੇ ਮਾਨਸਾ ਵਿਖੇ ਮਰਹੂਮ ਭੂਰਾ ਸਿੰਘ ਮਾਨ ਦੀ 9ਵੀਂ ਬਰਸੀ ਨੂੰ ਸਮਰਪਿਤ ਇੱਕ ਕਨਵੈਨਸ਼ਨ ਕਰਵਾਈ ਗਈ|
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਭਾਰਤ ਦੀ ਆਰਥਿਕਤਾ, ਖੇਤੀਬਾੜੀ, ਉਦਯੋਗ ਅਤੇ ਸੇਵਾ ਖੇਤਰ ਦੀ ਮਜ਼ਬੂਤੀ ਲੋਕਾਂ ਦੀ ਰੋਜ਼ੀ-ਰੋਟੀ, ਦੇਸ਼ ਦੀ ਸਰਬਸੰਮਤੀ ਅਤੇ ਭਵਿੱਖੀ ਵਿਕਾਸ ਦਾ ਮੂਲ ਹੈ| ਉਨ੍ਹਾਂ ਕਿਹਾ ਕਿ ਜਿਸ ਲਈ ਅਮਰੀਕਾ ਨਾਲ ਹੋਣ ਵਾਲਾ ਕੋਈ ਵੀ ਵਪਾਰ ਸਮਝੌਤਾ ਤੱਦ ਹੀ ਸਵੀਕਾਰਯੋਗ ਹੋਵੇਗਾ, ਜਦੋਂ ਇਹ ਪੂਰੀ ਤਰ੍ਹਾਂ ਭਾਰਤੀ ਹਿੱਤਾਂ ਨੂੰ ਸੁਰੱਖਿਅਤ ਕਰੇ| ਉਨ੍ਹਾਂ ਕਿਹਾ ਕਿ ਖੇਤੀਬਾੜੀ ਉਤਪਾਦਾਂ 'ਤੇ ਸਖ਼ਤ ਸਟੈਂਡਰਡ ਅਤੇ ਇੰਸਪੈਕਸ਼ਨ ਲਾਗੂ ਕਰਕੇ ਭਾਰਤੀ ਕਿਸਾਨਾਂ ਦੇ ਉਤਪਾਦਾਂ ਦੀ ਅਮਰੀਕੀ ਬਾਜ਼ਾਰ ਤੱਕ ਪਹੁੰਚ ਘਟਾਉਣ ਦੀ ਬਜਾਏ, ਭਾਰਤੀ ਖੇਤੀ ਉਤਪਾਦਾਂ ਨੂੰ ਅਮਰੀਕੀ ਬਾਜ਼ਾਰ ਵਿੱਚ ਬਣਦਾ ਸਨਮਾਨ ਦੇਵੇ|
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਭਾਰਤ-ਅਮਰੀਕਾ ਵਪਾਰ ਆਪਸੀ ਸੰਤੁਲਨ ਅਤੇ ਦੋਹਾਂ ਦੇਸ਼ਾਂ ਦੇ ਹਿੱਤਾਂ ਵਿੱਚ ਹੀ ਹੋਣਾ ਚਾਹੀਦਾ ਹੈ| ਉਨ੍ਹਾਂ ਮੰਗ ਕੀਤੀ ਕਿ ਦੇਣ-ਲੈਣ ਸਿਰਫ਼ ਉਨ੍ਹਾਂ ਚੀਜ਼ਾਂ ਦਾ ਹੋਵੇ, ਜੋ ਦੋਹਾਂ ਦੇਸ਼ਾਂ ਲਈ ਲੋੜੀਂਦੀਆਂ ਤੇ ਵਰਤੋਯੋਗ ਹਨ, ਨਾ ਕਿ ਉਹ ਆਯਾਤ-ਨਿਰਯਾਤ, ਜੋ ਘਰੇਲੂ ਉਤਪਾਦਨ,ਰੋਜ਼ਗਾਰ ਜਾਂ ਖੇਤੀਬਾੜੀ ਨੂੰ ਨੁਕਸਾਨ ਪਹੁੰਚਾਵੇ |ਉਨਾਂ ਕਿਹਾ ਕਿ 'ਰਾਸ਼ਟਰੀ ਹਿੱਤ ਪਹਿਲਾਂ' ਸਾਡਾ ਅਟੱਲ ਸਿਧਾਂਤ ਹੈ ਅਤੇ ਜੇ ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਹਿੱਤਾਂ ਦੀ ਪੂਰੀ ਗਾਰੰਟੀ ਨਹੀਂ ਦਿੰਦਾ, ਤਾਂ ਅਜਿਹਾ ਸਮਝੌਤਾ ਕਦੇ ਵੀ ਕਬੂਲ ਨਹੀਂ ਕੀਤਾ ਜਾਵੇਗਾ |
ਇਸ ਮੌਕੇ ਗੁਰਨਾਮ ਸਿੰਘ ਭੀਖੀ,ਨਰਿੰਦਰ ਕੌਰ ਬੁਰਜ ਹਮੀਰਾ,ਪ੍ਰਧਾਨ ਰਾਮਫਲ, ਸੁਖਚਰਨ ਦਾਨੇਵਾਲੀਆ,ਗੁਰਤੇਜ ਸਿੰਘ ਵਰ੍ਹੇ,ਅਮਰੀਕ ਸਿੰਘ ਕੋਟਧਰਮੂੰ,ਬਲਦੇਵ ਸਿੰਘ ਸਮਾਓ,ਮੱਖਣ ਮਾਨ ਨੇ ਵੀ ਸੰਬੋਧਨ ਕੀਤਾ |