ਬਠਿੰਡਾ ਟੀਚਰਜ਼ ਹੋਮ ’ਚ ਭਖ਼ਦੇ ਮਸਲਿਆਂ ਬਾਰੇ ਕਨਵੈਨਸ਼ਨ
ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ‘ਫ਼ਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਇੱਥੇ ਟੀਚਰਜ਼ ਹੋਮ ਵਿੱਚ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਸਮਾਪਤੀ ’ਤੇ ਹਾਜ਼ਰ ਲੋਕਾਂ ਵੱਲੋਂ ਹਨੂੰਮਾਨ ਚੌਕ ਤੱਕ ਇਨਕਲਾਬੀ ਮਾਰਚ ਵੀ ਕੀਤਾ ਗਿਆ।
ਆਰਐੱਮਪੀਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਸੀਪੀਆਈ (ਮਾਲੇ) ਲਿਬਰੇਸ਼ਨ ਦੇ ਕੇਂਦਰੀ ਆਗੂ ਸਾਥੀ ਰਾਜਬਿੰਦਰ ਸਿੰਘ ਰਾਣਾ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਸਾਥੀ ਮੁਖਤਿਆਰ ਸਿੰਘ ਪੂਹਲਾ ਨੇ ਦੋਸ਼ ਲਾਏ ਕਿ ਭਾਜਪਾ ਰਾਹੀਂ ਦੇਸ਼ ਦੀ ਕੇਂਦਰੀ ਸੱਤਾ ’ਤੇ ਕਥਿਤ ਤੌਰ ’ਤੇ ਕਾਬਜ਼ ਆਰਐੱਸਐੱਸ ਦੀ ਅਗਵਾਈ ਵਾਲੇ ਹਿੰਦੂਤਵੀ ਗਰੁੱਪ ਸਾਮਰਾਜੀ ਤੇ ਪੂੰਜੀਵਾਦੀ ਨਿਜ਼ਾਮ ਦੀ ਉਮਰ ਲੰਮੀ ਕਰਨ ਲਈ ਫ਼ਿਰਕੂ, ਜਾਤੀਵਾਦੀ, ਲਿੰਗਕ ਵੰਡ, ਇਲਾਕਾਈ ਅਤੇ ਭਾਸ਼ਾਈ ਮੱਤਭੇਦ ਤਿੱਖੇ ਕਰਨ ਦੇ ਕੋਝੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਰਐਸਐਸ ਨੇ ਆਪਣਾ ਮਕਸਦ ਪੂਰਾ ਕਰਨ ਲਈ ਵਿੱਦਿਅਕ ਪਾਠਕ੍ਰਮ, ਇਤਿਹਾਸ ਅਤੇ ਰਾਜਕੀ ਮਸ਼ੀਨਰੀ ਦਾ ਭਗਵਾਂਕਰਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕਾਂ ਦੀ ਕੰਗਾਲੀ, ਭੁੱਖਮਰੀ ਤੋਂ ਗਾਰੰਟੀਸ਼ੁਦਾ ਬੰਦ ਖਲਾਸੀ ਲਈ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਵਾਰੇ-ਨਿਆਰੇ ਕਰਦੀਆਂ ਮੋਦੀ ਸਰਕਾਰ ਦੀਆਂ ਨਵ ਉਦਾਰੀਵਾਦੀ ਨੀਤੀਆਂ ਖ਼ਿਲਾਫ਼ ਜਾਰੀ ਲੋਕ ਘੋਲ ਹੋਰ ਪ੍ਰਚੰਡ ਕਰਨੇ, ਸਮੇਂ ਦੀ ਪ੍ਰਮੁੱਖ ਲੋੜ ਹੈ। ਇਸ ਦੌਰਾਨ ਮੁਕਤ ਵਪਾਰ ਸਮਝੌਤੇ ਰੱਦ ਕਰਨ ਦੀ ਵੀ ਮੰਗ ਕੀਤੀ ਗਈ। ਇੱਕ ਹੋਰ ਮੰਗ ਰਾਹੀਂ ਆਦਿਵਾਸੀਆਂ ਅਤੇ ਮਾਓਵਾਦੀਆਂ ਦੇ ਫ਼ਰਜ਼ੀ ਪੁਲੀਸ ਮੁਕਾਬਲੇ ਬਿਨਾਂ ਦੇਰੀ ਰੋਕੇ ਜਾਣ ਅਤੇ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਰੱਦ ਕਰਨ ਦੀ ਗੱਲ ਕਹੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਸੰਪੂਰਨ ਸਿੰਘ, ਹਰਮੇਸ਼ ਕੁਮਾਰ ਰਾਮਪੁਰਾ ਅਤੇ ਸੁਖਵੰਤ ਸਿੰਘ ਜੀਦਾ ਨੇ ਕੀਤੀ। ਜਗਜੀਤ ਸਿੰਘ ਲਹਿਰਾ ਮੁਹੱਬਤ ਨੇ ਮੰਚ ਸੰਚਾਲਨ ਕੀਤਾ।