ਪੁਰਾਤਨ ਮੰਦਰ ਦੇ ਪ੍ਰਬੰਧਾਂ ਬਾਰੇ ਵਿਵਾਦ ਭਖਿਆ
ਕੋਟ ਈਸੇ ਖਾਂ ਦੇ ਪੁਰਾਤਨ ਡੇਰੇ ਅਤੇ ਸਿੱਧ ਮੰਦਰ ਸਬੰਧੀ ਛਿੜਿਆ ਵਿਵਾਦ ਭਖ ਗਿਆ ਹੈ। ਵਿਵਾਦ ਦੀ ਅਸਲ ਜੜ੍ਹ ਡੇਰੇ ਦੀ 14 ਏਕੜ ਜ਼ਮੀਨ ਅਤੇ ਪ੍ਰਬੰਧ ਹਨ ਜਿਨ੍ਹਾਂ ਨੂੰ ਹਾਸਲ ਕਰਨ ਲਈ ਡੇਰੇ ਦੀਆਂ ਦੋ ਧਿਰਾਂ ਵਿੱਚ ਖਿੱਚੋਤਾਣ ਚੱਲ ਰਹੀ ਹੈ। ਕਈ ਵਰ੍ਹਿਆਂ ਤੋਂ ਡੇਰੇ ਦੀ ਦੇਖਭਾਲ ਕਰ ਰਹੇ ਸੇਵਾਦਾਰ ਗੋਬਿੰਦ ਪੁਰੀ ਅਤੇ ਮੁੱਖ ਪ੍ਰਬੰਧਕ ਵਜੋਂ ਸਾਹਮਣੇ ਆਏ ਮਹੰਤ ਗੋਪਾਲਾ ਨੰਦ ਕੋਟਕਪੂਰਾ ਵੱਲੋਂ ਆਪੋ-ਆਪਣੇ ਹੱਕ ਪੇਸ਼ ਕਰਨ ਤੋਂ ਬਾਅਦ ਮਾਮਲਾ ਪੇਚੀਦਾ ਬਣ ਗਿਆ ਹੈ। ਇਸ ਮਾਮਲੇ ਵਿੱਚ ਹੋਈ ਸਿਆਸੀ ਧਿਰਾਂ ਦੇ ਦਖ਼ਲ ਨੇ ਵਿਵਾਦ ਨੂੰ ਤਿੱਖਾ ਕਰ ਦਿੱਤਾ ਹੈ।
ਮੌਜੂਦਾ ਵਿਵਾਦ ਡੇਰੇ ਦੀ ਜ਼ਮੀਨ ਦੇ ਠੇਕੇ ਨੂੰ ਲੈ ਕੇ ਸ਼ੁਰੂ ਹੋਇਆ ਅਤੇ ਪ੍ਰਬੰਧਾਂ ਨੂੰ ਹਥਿਆਉਣ ਤੱਕ ਪੁੱਜ ਗਿਆ ਹੈ। ਸੇਵਾਦਾਰ ਗੋਬਿੰਦ ਪੁਰੀ ਮੁਤਾਬਕ ਸਾਲ 2019 ਵਿੱਚ ਉਨ੍ਹਾਂ ਨੂੰ ਡੇਰੇ ਦੇ ਮੁਖੀ ਵਜੋਂ ਸਾਧੂ ਸਮਾਜ ਨੇ ਪੱਗ ਦਿੱਤੀ ਸੀ ਅਤੇ ਉਨ੍ਹਾਂ ਪਾਸ ਸਾਰੇ ਪ੍ਰਬੰਧਾਂ ਦੀ ਲਿਖਤੀ ਵਸੀਹਤ ਹੈ। ਜ਼ਿਕਰਯੋਗ ਹੈ ਕਿ ਡੇਰੇ ਅੰਦਰ ਵੱਖ-ਵੱਖ ਬ੍ਰਹਮਲੀਨ ਹੋਏ ਸਾਧੂ ਮਹੰਤਾਂ ਦੀਆਂ ਸਮਾਧਾਂ ਅਤੇ ਦੇਵੀ ਦੇਵਤਿਆਂ ਦੀ ਪੁਰਾਤਨ ਮੂਰਤੀਆਂ ਸਥਾਪਤ ਹਨ ਜਿੱਥੇ ਰੋਜ਼ਾਨਾ ਸੈਂਕੜੇ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਡੇਰੇ ਵੱਲੋਂ ਇੱਥੇ ਗਊਸ਼ਾਲਾ ਵੀ ਬਣਾਈ ਹੋਈ ਹੈ। ਇਸ ਦੌਰਾਨ ਇਸ ਡੇਰੇ ਦੀ ਜ਼ਮੀਨ ਦੇ ਕਾਸ਼ਤਕਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ 8-9 ਸਾਲਾਂ ਤੋਂ ਠੇਕਾ ਆਧਾਰਤ ਇਹ ਜ਼ਮੀਨ ਹੈ ਅਤੇ ਉਹ ਕੋਟਕਪੂਰਾ ਵਾਲੇ ਮੁੱਖ ਮਹੰਤ ਨੂੰ ਸਾਲਾਨਾ ਠੇਕਾ ਦਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਹੰਤ ਗੋਪਾਲਾ ਨੰਦ ਜ਼ਮੀਨ ਛੱਡਣ ਨੂੰ ਕਹਿੰਦੇ ਹਨ ਤੇ ਉਹ ਤੁਰੰਤ ਜ਼ਮੀਨ ਤੋਂ ਬਾਹਰ ਹੋ ਜਾਣਗੇ।
ਗੋਬਿੰਦ ਪੁਰੀ ਨੂੰ ਸਮੁੱਚੇ ਪ੍ਰਬੰਧਾਂ ਤੋਂ ਹਟਾਇਆ ਜਾ ਚੁੱਕੈ
ਇਸ ਅਸਥਾਨ ਦੇ ਮੁੱਖ ਮਹੰਤ ਗੋਪਾਲਾ ਦਾਸ (ਜੋ ਡੇਰਾ ਬਾਬਾ ਦਰਿਆ ਗਿਰੀ ਕੋਟਕਪੂਰਾ ਦੇ ਵੀ ਪ੍ਰਬੰਧਕ ਹਨ) ਨੇ ਦੱਸਿਆ ਕਿ ਗੋਬਿੰਦ ਪੁਰੀ ਨੂੰ ਸਮੁੱਚੇ ਪ੍ਰਬੰਧਾਂ ਤੋਂ ਹਟਾਇਆ ਜਾ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੇਵਾਦਾਰ ਗੋਬਿੰਦ ਪੁਰੀ ਨੇ ਡੇਰੇ ਦੀ ਮਰਿਆਦਾ ਭੰਗ ਕੀਤੀ ਹੈ। ਮੁੱਖ ਮਹੰਤ ਗੋਪਾਲਾ ਨੰਦ ਨੇ ਦਾਅਵਾ ਕੀਤਾ ਕਿ ਕੋਟ ਈਸੇ ਖਾਂ ਦੇ ਪਤਵੰਤਿਆਂ ਅਤੇ ਸ਼ਰਧਾਲੂਆਂ ਦੇ ਵੱਡੇ ਇਕੱਠ ਵਿੱਚ ਉਸ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗੋਬਿੰਦ ਪੁਰੀ ਦਾ ਡੇਰੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਕੁਝ ਲੋਕਾਂ ਨੂੰ ਨਾਲ ਲੈ ਕੇ ਡੇਰੇ ਦਾ ਮਾਹੌਲ ਖਰਾਬ ਕਰ ਰਿਹਾ ਹੈ। ਇਸ ਸਬੰਧੀ ਮਹੰਤ ਅਖਾੜਾ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਉਸ ਵਿਰੁੱਧ ਸ਼ਿਕਾਇਤ ਪੱਤਰ ਵੀ ਦਿੱਤਾ ਗਿਆ ਸੀ।
