ਸਰਪੰਚ ਨੂੰ ਹਟਾਉਣ ਖ਼ਿਲਾਫ਼ ਕਾਂਗਰਸੀਆਂ ਵੱਲੋਂ ਮੁਜ਼ਾਹਰਾ
ਇੱਥੋਂ ਨੇੜਲੇ ਪਿੰਡ ਨਵਾਂ ਪਿੰਡ ਮਲੋਟ ਵਿੱਚ 151 ਵੋਟਾਂ ਨਾਲ ਜਿੱਤੇ ਦਲਿਤ ਭਾਈਚਾਰੇ ਦੇ ਸਰਪੰਚ ਉਂਕਾਰ ਸਿੰਘ ਨੂੰ ਹਟਾਉਣ ਖ਼ਿਲਾਫ਼ ਹਲਕੇ ਦੇ ਸਮੂਹ ਕਾਂਗਰਸੀਆਂ ਨੇ ਐੱਸਡੀਐੱਮ ਦਫ਼ਤਰ ਦੇ ਸਾਹਮਣੇ ਮੁਜ਼ਾਹਰਾ ਕੀਤਾ। ਇਸ ਦੀ ਅਗਵਾਈ ਚੇਅਰਮੈਨ ਬਲਕਾਰ ਸਿੰਘ ਤੇ ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀਨਗਰ, ਕੌਂਸਲ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਰੁਪਿੰਦਰ ਕੌਰ ਨੇ ਕੀਤੀ। ਉਨ੍ਹਾਂ ਕਿਹਾ ਕਿ ਜਿੱਤੇ ਹੋਏ ਸਰਪੰਚ ਨੂੰ ਬੇ-ਬੁਨਿਆਦ ਦੋਸ਼ ਲਾ ਕੇ ਹਟਾਉਣਾ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜਦੋਂ ਉਨ੍ਹਾਂ ਉਪ ਮੰਡਲ ਮਜਿਸਟਰੇਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਟ੍ਰਿਬਿਊਨਲ ਦਾ ਫ਼ੈਸਲਾ ਹੈ, ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਅਗਲੇਰੀ ਕਾਨੂੰਨੀ ਕਾਰਵਾਈ ਲਈ ਉਸ ਟ੍ਰਿਬਿਊਨਲ ਦੇ ਆਰਡਰਾਂ ਦੀ ਕਾਪੀ ਮੰਗੀ ਤਾਂ ਉਪ ਮੰਡਲ ਮਜਿਸਟਰੇਟ ਆਨਾਕਾਨੀ ਕਰਨ ਲੱਗੇ।
ਇਸ ਮੌਕੇ ਹਾਜ਼ਰ ਮਾਸਟਰ ਜਸਪਾਲ ਸਿੰਘ, ਗੁਰਮੀਤ ਸਿੰਘ ਖੋਖਰ ਆਦਿ ਨੇ ਕਿਹਾ ਕਿ ਜੇ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਜਾਂ ਉਪ ਮੰਡਲ ਮਜਿਸਟਰੇਟ ਵੱਲੋਂ ਉਨ੍ਹਾਂ ਨੂੰ ਆਰਡਰਾਂ ਦੀ ਕਾਪੀ ਨਹੀਂ ਦਿੱਤੀ ਜਾਂਦੀ ਤਾਂ ਉਹ ਇਸ ਧਰਨੇ ਨੂੰ ਜਾਰੀ ਰੱਖਣਗੇ। ਇਸ ਮੌਕੇ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਸ਼ਾਮ ਤਕ ਫ਼ੈਸਲੇ ਦੀ ਕਾਪੀ ਦੇ ਦਿੱਤੀ ਜਾਵੇਗੀ: ਬਰਾੜ
ਐੱਸਡੀਐੱਮ ਮਲੋਟ ਜਸਪਾਲ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅੱਜ ਸ਼ਾਮ ਤੱਕ ਉਨ੍ਹਾਂ ਨੂੰ ਫ਼ੈਸਲੇ ਦੀ ਕਾਪੀ ਦੇ ਦਿੱਤੀ ਜਾਵੇਗੀ, ਇਸ ਦੇ ਬਾਵਜੂਦ ਉਹ ਧਰਨਾ ਲਗਾ ਕੇ ਬੈਠ ਗਏ। ਉਨ੍ਹਾਂਂ ਕਿਹਾ ਕਿ ਅੱਜ ਸ਼ਾਮ ਤੋਂ ਪਹਿਲਾਂ ਟ੍ਰਿਬਿਊਨਲ ਦੇ ਫ਼ੈਸਲੇ ਦੀ ਕਾਪੀ ਦੇ ਦਿੱਤੀ ਜਾਵੇਗੀ।