ਗੋਨਿਆਣਾ ’ਚ ਕਾਂਗਰਸੀ ਵਰਕਰਾਂ ਦੀ ਮੀਟਿੰਗ
ਪੱਤਰ ਪ੍ਰੇਰਕ
ਗੋਨਿਆਣਾ, 6 ਜੁਲਾਈ
ਕਾਂਗਰਸ ਹਾਈ ਕਮਾਨ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ’ਤੇ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਭੁੱਚੋ ਦੇ ਕੋਆਰਡੀਨੇਟਰ ਧੰਨਜੀਤ ਸਿੰਘ ਧਨੀ ਵੱਲੋਂ ਐਤਵਾਰ ਨੂੰ ਇਥੇ ਇੱਕ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮਕਸਦ ਵਰਕਰਾਂ ਵਿੱਚ ਨਵਾਂ ਜੋਸ਼ ਭਰਨਾ, ਪਿੰਡ ਪੱਧਰੀ ਕਮੇਟੀਆਂ ਬਣਾਉਣ ਅਤੇ ਰੁੱਸੇ ਵਰਕਰਾਂ ਨੂੰ ਮੁੜ ਪਾਰਟੀ ਨਾਲ ਜੋੜਣਾ ਸੀ। ਇਕ ਹਫ਼ਤੇ ’ਚ ਦੋ ਵੱਖ-ਵੱਖ ਬੈਠਕਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਹਲਕੇ ਵਿੱਚ ਪਾਰਟੀ ਅੰਦਰੂਨੀ ਖਿੱਚੋਤਾਣ ਦੀ ਸ਼ਿਕਾਰ ਹੈ। ਪਿਛਲੀ ਮੀਟਿੰਗ ਵਿੱਚ ਹਿੱਸਾ ਲੈ ਚੁੱਕੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਧੜੇ ਦੀ ਅੱਜ ਦੀ ਮੀਟਿੰਗ ’ਚ ਗੈਰਹਾਜ਼ਰੀ ਰਹੀ। ਕੋਆਰਡੀਨੇਟਰ ਧੰਨਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਤਾਕਤ ਇਸ ਦੇ ਵਰਕਰ ਹਨ ਅਤੇ ਅੰਦਰੂਨੀ ਰੋਸ ਕੁਦਰਤੀ ਹੈ, ਪਰ ਪਾਰਟੀ ਸਮੂਹੀ ਤੌਰ ‘ਤੇ ਅਗਲੇ ਚੋਣ ਮਿਸ਼ਨ ਵੱਲ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਸੂਬੇ ’ਚ ਡਰ ਤੇ ਹਿੰਸਾ ਦਾ ਮਾਹੌਲ ਹੈ, ਜਿਸ ਤੋਂ ਲੋਕਾਂ ਨੂੰ ਮੁਕਤ ਕਰਵਾਉਣਾ ਪਾਰਟੀ ਦਾ ਲਕੜੀ ਟੀਚਾ ਹੈ। ਦੂਜੇ ਪਾਸੇ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਚੇਅਰਮੈਨ ਸੁਖਮਿੰਦਰ ਸਿੰਘ ਬਰਾੜ ਨੇ ਪਾਰਟੀ ਅੰਦਰ ਚੱਲ ਰਹੇ ਟਿਕਟ ਸਿਸਟਮ ’ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਮੰਗ ਕੀਤੀ ਕਿ ਟਿਕਟ ਹਲਕੇ ਦੇ ਵਰਕਰਾਂ ਦੀ ਰਾਏ ਲੈ ਕੇ ਦਿੱਤੀ ਜਾਵੇ ਅਤੇ ਪੈਰਾਸ਼ੂਟ ਉਮੀਦਵਾਰਾਂ ਤੋਂ ਬਚਿਆ ਜਾਵੇ। ਕਾਂਗਰਸੀ ਆਗੂ ਗੁਰਦੀਪ ਸਿੰਘ ਭੋਖੜਾ ਨੇ ਵੀ ਟਿਕਟ ਹਲਕੇ ਤੋਂ ਹੀ ਦੇਣ ਦੀ ਮੰਗ ਕਰਦਿਆਂ ਆਪਣੇ ਕੰਮ ਨਾ ਹੋਣ ਦੀ ਗੱਲ ਦੱਸੀ। ਮੀਟਿੰਗ ਦੌਰਾਨ ਸ਼ਹਿਰ ਦੇ ਕਈ ਟਕਸਾਲੀ ਅਤੇ ਪੁਰਾਣੇ ਆਗੂਆਂ ਦੀ ਗੈਰ-ਹਾਜ਼ਰੀ ਵੀ ਰੜਕਦੀ ਰਹੀ।