ਚੋਣਾਂ ’ਚ ਹਾਰ ਦੀ ਸਮੀਖਿਆ ਕਰੇਗੀ ਕਾਂਗਰਸ: ਸਿੰਗਲਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇੱਕ ਸਮਾਗਮ ਦੌਰਾਨ ਤਰਨ ਤਾਰਨ ਜ਼ਿਮਨੀ ਚੋਣ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਮਾੜੀ ਹਾਲਤ ਸਬੰਧੀ ਆਖਿਆ ਕਿ ਪਾਰਟੀ ਹਾਰ ਦੀ ਸਮੀਖਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਪਾਰਟੀਆਂ ਸਰਕਾਰੀ ਮਸ਼ੀਨਰੀ ਦਾ ਫਾਇਦਾ ਲੈ ਕੇ ਜਿੱਤ ਪ੍ਰਾਪਤ ਕਰਦੀਆਂ ਹਨ। ਜਦੋਂ ਉਨ੍ਹਾਂ ਦਾ ਧਿਆਨ ਦਿਵਾਇਆ ਕਿ ਜ਼ਿਮਨੀ ਚੋਣ ਵਿੱਚ ਉਨ੍ਹਾਂ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਹੈ ਤਾਂ ਉਨ੍ਹਾਂ ਆਖਿਆ ਕਿਹਾ ਕਿ ਭਵਿੱਖ ਵਿੱਚ ਖਾਮੀਆਂ ਦੂਰ ਕੀਤੀਆਂ ਜਾਣਗੀਆਂ। ਬਿਹਾਰ ਵਿਧਾਨ ਸਭਾ ਦੀ ਚੋਣ ਸਬੰਧੀ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿੱਤ ਪ੍ਰਾਪਤ ਕਰਨ ਲਈ ਅਨੈਤਿਕ ਤਰੀਕੇ ਵਰਤਦੀ ਹੈ ਜਿਸ ਦਾ ਰਾਹੁਲ ਗਾਂਧੀ ਨੇ ਪਰਦਾਫਾਸ਼ ਵੀ ਕੀਤਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਹਾਰ ਦੀ ਸਮੀਖਿਆ ਕਰ ਰਹੀ ਹੈ ਅਤੇ ਕਮੀਆਂ ਨੂੰ ਦੂਰ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ 2027 ਚੋਣਾਂ ’ਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ। ਇਸ ਮੌਕੇ ਕਾਂਗਰਸੀ ਆਗੂ ਰਾਜਵਿੰਦਰ ਸ਼ੀਤਲ, ਵਿਨੋਦ ਕੁਮਾਰ ਗੋਗੀ, ਮੌਜੀ ਪੂਨੀਆ, ਰਾਜੇਸ਼ ਬਾਂਸਲ, ਸੁਖਵਿੰਦਰ ਸਿੰਘ ਸ਼ਹਿਣਾ ਅਤੇ ਬਾਬਰ ਸਿੰਘ ਪ੍ਰੋਹਿਤ ਆਦਿ ਹਾਜ਼ਰ ਸਨ।
