ਕਾਂਗਰਸ ਦੀ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ: ਸਾਬਕਾ ਵਿਧਾਇਕ ਦੀ ਅਗਵਾਈ ਹੇਠ ਭਰੇ ਫਾਰਮ
ਕਾਂਗਰਸ ਦੀ ਦੇਸ਼ ਵਿਆਪੀ ‘ਵੋਟ ਚੋਰ ਗੱਦੀ ਛੋੜ’ ਮੁਹਿੰਮ ਤਹਿਤ ਅੱਜ ਹਲਕੇ ਅੰਦਰ ਫਾਰਮ ਭਰਨ ਦੀ ਸ਼ੁਰੂਆਤ ਕੀਤੀ ਗਏ। ਭਰੇ ਗਏ ਫਾਰਮ ਮੁੱਖ ਚੋਣ ਕਮਿਸ਼ਨਰ ਨੂੰ ਭੇਜੇ ਜਾਣੇ ਹਨ। ਸਾਬਕਾ ਕਾਂਗਰਸ ਵਿਧਾਇਕ ਕਾਕਾ ਸੁਖਜੀਤ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੇ ਦਫਤਰ ਪਿੰਡ ਲੋਹਗੜ੍ਹ ਤੋਂ ਇਸ ਮੁਹਿੰਮ ਦਾ ਆਗਾਜ਼ ਹੋਇਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਹਲਕੇ ਦੇ ਕਾਂਗਰਸ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ ਕਿ ਯੋਜਨਾਾਬੱਧ ਤਰੀਕੇ ਨਾਲ ਵੋਟਰਾਂ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਸ਼ਾਮਿਲ ਅਧਿਕਾਰੀਆਂ ਅਤੇ ਏਜੰਟਾਂ ਉੱਤੇ ਮੁਕੱਦਮਾ ਚਲਾ ਕੇ ਸਖ਼ਤ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਆਖਰੀ ਸਮੇਂ ਵੋਟਰ ਸੂਚੀਆਂ ਵਿੱਚ ਨਾਮ ਦਰਜ ਕਰਨ ਅਤੇ ਨਾਮ ਕੱਟਣ ਦੀ ਹੁੰਦੀ ਪ੍ਰਕਿਰਿਆ ਬੰਦ ਹੋਣੀ ਚਾਹੀਦੀ ਹੈ। ਗਲਤ ਢੰਗ ਨਾਲ ਰੱਦ ਕੀਤੀ ਵੋਟ ਸਬੰਧੀ ਵੀ ਸ਼ਿਕਾਇਤ ਨਿਵਾਰਨ ਪ੍ਰਣਾਲੀ ਬਣਾਈ ਜਾਣੀ ਚਾਹੀਦੀ ਹੈ।
ਸਾਬਕਾ ਵਿਧਾਇਕ ਨੇ ਦੱਸਿਆ ਕਿ ਭਰੇ ਜਾ ਰਹੇ ਇਨ੍ਹਾਂ ਫਾਰਮਾਂ ਵਿੱਚ ਇਹ ਸਾਰੀਆਂ ਗੱਲਾਂ ਦਰਜ ਹਨ। ਕਾਂਗਰਸ ਪਾਰਟੀ ਵਲੋਂ ਦੇਸ਼ ਭਰ ਵਿੱਚ ਅਜਿਹੇ ਫਾਰਮ ਭਰਕੇ ਚੋਣ ਕਮਿਸ਼ਨ ਨੂੰ ਭੇਜੇ ਜਾ ਰਹੇ ਹਨ।ਇਸ ਮੌਕੇ ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੋਹਨ ਸਿੰਘ ਖੇਲਾ,ਸਾਬਕਾ ਚੇਅਰਮੈਨ ਸ਼ਿਵਾਜ ਸਿੰਘ ਭੋਲਾ, ਇੰਦਰਪ੍ਰੀਤ ਸਿੰਘ ਬੰਟੀ, ਸੰਦੀਪ ਸਿੰਘ ਸੰਧੂ,ਇਕਬਾਲ ਸਿੰਘ ਰਾਮਗੜ੍ਹ,ਭੋਲਾ ਸਿੰਘ ਅਤੇ ਨਿੱਜੀ ਸਹਾਇਕ ਰਾਜਵਿੰਦਰ ਸਿੰਘ ਕੜਾਹੇਵਾਲਾ ਆਦਿ ਆਗੂ ਵੀ ਹਾਜ਼ਰ ਸਨ।