‘ਸੰਗਠਨ ਸਿਰਜਣ ਮੁਹਿੰਮ’ ਤਹਿਤ ਕਾਂਗਰਸ ਪਾਰਟੀ ਦੀ ਮੀਟਿੰਗ
ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ’ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕਰਨ ਲਈ ਸ਼ਹਿਰਾਂ ਤੇ ਪਿੰਡਾਂ ’ਚ ਆਪਣੇ ਆਬਜ਼ਰਵਰ ਭੇਜ ਕੇ ਭਾਖ਼ਿਆ ਲਈ ਜਾ ਰਹੀ ਹੈ। ਮੁਕਾਮੀ ਕਾਂਗਰਸੀ ਆਗੂ ਪ੍ਰਧਾਨਗੀ ਦਾ ਤਾਜ਼ ਆਪੋ-ਆਪਣੇ ਸਿਰ ਸਜਾਉਣ ਲਈ ਪੱਬਾਂ ਭਾਰ ਹੋਏ ਪਏ ਹਨ। ਬਠਿੰਡਾ ਜ਼ਿਲ੍ਹੇ ’ਚ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਲਈ ਦੋ ਜ਼ਿਲ੍ਹਾ ਪ੍ਰਧਾਨ ਬਣਾਏ ਜਾਣੇ ਹਨ।
ਬਠਿੰਡਾ ਜ਼ਿਲ੍ਹੇ ਦੇ ਵਰਕਰਾਂ ਦੀ ਨਬਜ਼ ਟੋਹਣ ਲਈ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਰਾਜਸਥਾਨ ਦੇ ਸਾਬਕਾ ਮੰਤਰੀ ਮਮਤਾ ਭੁਪੇਸ਼ ਦੀ ਆਬਜ਼ਰਵਰ ਵਜੋਂ ਡਿਊਟੀ ਲਾਈ ਗਈ ਹੈ। ਉਨ੍ਹਾਂ ਵੱਲੋਂ ਹੁਣ ਤੱਕ ਜ਼ਿਲ੍ਹੇ ’ਚ ਦਰਜਨਾਂ ਇਕੱਠ ਕਰਕੇ ਵਰਕਰਾਂ ਦੀ ਰਾਇ ਜਾਣੀ ਜਾ ਚੁੱਕੀ ਹੈ। ਅਜਿਹਾ ਹੀ ਇਕੱਠ ‘ਸੰਗਠਨ ਸਿਰਜਣ ਮੁਹਿੰਮ’ ਬੈਨਰ ਹੇਠਾਂ ਅੱਜ ਪਿੰਡ ਕੋਟਸ਼ਮੀਰ ’ਚ ਹੋਇਆ। ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਕਾਂਗਰਸੀ ਵਰਕਰਾਂ ਨੇ ਹਾਜ਼ਰੀ ਭਰੀ। ਇਸ ਇਕੱਠ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਾਰਟੀ ਇੰਚਾਰਜ ਖ਼ੁਸ਼ਬਾਜ਼ ਸਿੰਘ ਜਟਾਣਾ ਦੇ ਸਮਰਥਕਾਂ ਦੀ ਗਿਣਤੀ ਮਿਸਾਲ ਯੋਗ ਸੀ।
ਸੂਤਰਾਂ ਮੁਤਾਬਿਕ ਆਬਜ਼ਰਵਰ ਮਮਤਾ ਭੁਪੇਸ਼ ਨੂੰ ਬਹੁਤ ਸਾਰੇ ਵਰਕਰ ਇਕੱਲਿਆਂ ਮਿਲੇ। ਉਨ੍ਹਾਂ ਖ਼ੁਸ਼ਬਾਜ਼ ਜਟਾਣਾ ’ਤੇ ਭਰੋਸਾ ਪ੍ਰਗਟਾਉਂਦਿਆਂ, ਪ੍ਰਧਾਨਗੀ ਪਦ ਮੁੜ ਤੋਂ ਉਨ੍ਹਾਂ ਨੂੰ ਹੀ ਸੌਂਪੇ ਜਾਣ ਦੀ ਵਕਾਲਤ ਕੀਤੀ। ਆਬਜ਼ਰਵਰ ਨੇ ਮੁਸਕਰਾਉਂਦਿਆਂ ਕਿਹਾ ਕਿ ‘ਤੁਹਾਡੀਆਂ ਭਾਵਨਾਵਾਂ ਮੈਂ ਪਾਰਟੀ ਹਾਈ ਕਮਾਂਡ ਕੋਲ ਪਹੁੰਚਦੀਆਂ ਕਰ ਦੇਵਾਂਗੀ।’ ਇਸ ਇਕੱਠ ਵਿੱਚ ਸਹਾਇਕ ਆਬਜ਼ਰਵਰ ਗੁਰਪ੍ਰੀਤ ਵਿੱਕੀ, ਸੱਤ ਪਾਲ ਮੂਲ਼ੇਵਾਲਾ, ਬਲਾਕ ਪ੍ਰਧਾਨ ਦਰਸ਼ਨ ਸਿੰਘ ਤੇ ਕਿ੍ਰਸ਼ਨ ਸਿੰਘ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਲਖਵਿੰਦਰ ਸਿੰਘ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਣਜੀਤ ਸਿੰਘ ਸੰਧੂ ਸਮੇਤ ਕਈ ਵੱਡੇ ਆਗੂ ਹਾਜ਼ਰ ਸਨ।