ਕਾਂਗਰਸੀ ਆਗੂ ਨੇ ਪਿੰਡ ਹਮੀਦੀ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹੀ
ਹਲਕੇ ਦੇ ਪਿੰਡ ਹਮੀਦੀ ਵਿੱਚ ਮਾੜੇ ਵਿਕਾਸ ਕਾਰਜ ਨੂੰ ਲੈ ਕੇ ਕਾਂਗਰਸੀ ਆਗੂ ਨੇ ਸੂਬੇ ਦੀ ‘ਆਪ’ ਸਰਕਾਰ ਨੂੰ ਘੇਰਿਆ ਹੈ। ਪਿੰਡ ਦੀ ਮੁੱਖ ਸੜਕ ’ਤੇ ਭਰੇ ਪਾਣੀ ਨੇ ਛੱਪੜ ਦਾ ਰੂਪ ਧਾਰ ਲਿਆ ਹੈ ਅਤੇ ਲੋਕ ਇਸ ਤੋਂ ਪ੍ਰੇਸ਼ਾਨ ਹਨ। ਇਸ ਮੌਕੇ ਕਾਂਗਰਸ ਦੇ ਐੱਸ ਸੀ ਡਿਪਾਰਟਮੇਂਟ ਦੇ ਜ਼ਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੇਅਰੀ ਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਸ਼ਹਿਰਾਂ ਪਿੰਡਾਂ ਵਿੱਚ ਕੋਈ ਵਿਕਾਸ ਨਹੀਂ ਹੋਇਆ। ਪਿੰਡ ਹਮੀਦੀ ਵਿਖੇ ਬਰਨਾਲਾ -ਮਲੇਰਕੋਟਲਾ ਮੁੱਖ ਸੜਕ ਲੰਘਦੀ ਹੈ, ਜੋ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਸਰਕਾਰ ਨੇ ਲੰਮੇ ਸਮੇਂ ਤੋਂ ਇਸਨੂੰ ਨਹੀਂ ਬਣਾਇਆ। ਉਨ੍ਹਾਂ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਅਤੇ ਸ਼ਹਿਰ ਬਰਨਾਲਾ ਨੂੰ ਜਾਣ ਵਾਲਾ ਮੁੱਖ ਰਸਤਾ ਹੈ, ਜਿਸ ਕਰਕੇ ਇਥੋਂ ਰੋਜ਼ਾਨਾ ਸੈਂਕੜੇ ਲੋਕਾਂ ਨੇ ਲੰਘਣਾ ਹੁੰਦਾ ਹੈ ਪਰ ਲੋਕ ਇਸ ਟੁੱਟੀ ਸੜਕ ’ਤੇ ਗੰਦੇ ਪਾਣੀ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਿਕਾਸ ਕਾਰਜ ਸਿਰਫ਼ ਬਿਆਨਾਂ ਤੱਕ ਸੀਮਤ ਹਨ, ਸਰਕਾਰ ਜ਼ਮੀਨੀ ਪੱਧਰ ’ਤੇ ਕੁੱਝ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਹ ਹਾਲਾਤ ਇਕੱਲੇ ਹਮੀਦੀ ਪਿੰਡ ਦੇ ਨਹੀਂ, ਬਲਕਿ ਹਲਕਾ ਮਹਿਲ ਕਲਾਂ ਦੇ ਸਮੁੱਚੇ ਪਿੰਡਾਂ ਦੇ ਇਹੀ ਹਾਲਾਤ ਹਨ। ਸਰਕਾਰ ਦੀ ਇਸ ਨਾਲਾਇਕੀ ਦਾ ਜਵਾਬ ਲੋਕ ਜ਼ਿਲ੍ਹਾ ਪਰਿਸ਼ਦ/ਬਲਾਕ ਸਮਿਤੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ।
