ਪੰਜਾਬ ’ਚ ਕਾਂਗਰਸ ਦੀ ਅਗਲੀ ਸਰਕਾਰ ਬਣਨਾ ਤੈਅ: ਫ਼ਤਹਿ ਬਾਦਲ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਵੱਲੋਂ ਉਮੀਦਵਾਰੀਆਂ ਸਬੰਧੀ ਅੱਜ ਪਿੰਡ ਬਾਦਲ ਵਿੱਚ ਮਹੇਸ਼ਇੰਦਰ ਸਿੰਘ ਬਾਦਲ ਦੀ ਰਿਹਾਇਸ਼ ’ਤੇ ਸੀਨੀਅਰ ਕਾਂਗਰਸ ਆਗੂ ਫਤਹਿ ਸਿੰਘ ਬਾਦਲ ਵੱਲੋਂ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਹਲਕੇ ਤੋਂ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ। ਪੰਚਾਇਤ ਸੰਮਤੀ ਲੰਬੀ ਦੇ 25 ਜ਼ੋਨਾਂ ਅਤੇ ਜ਼ਿਲ੍ਹਾ ਪਰਿਸ਼ਦ ਜ਼ੋਨਾਂ ਸਬੰਧੀ ਕਾਂਗਰਸ ਵਰਕਰਾਂ ਤੋਂ ਮਸ਼ਵਰੇ ਲਏ ਗਏ ਅਤੇ ਰਣਨੀਤਕ ਚਰਚਾ ਹੋਈ। ਜ਼ੋਨ ਪੱਧਰ ’ਤੇ ਵਰਕਰਾਂ ਨੂੰ ਸਾਂਝੀ ਰਾਇ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਫ਼ਤਹਿ ਬਾਦਲ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨੀ ਤੈਅ ਹੈ। ਉਸ ਜਿੱਤ ਦੇ ਸੇਮੀਫਾਈਨਲ ਵਜੋਂ ਵੋਟਰਾਂ ਦੇ ਭਰਪੂਰ ਸਮਰਥਨ ਨਾਲ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਵੱਡੀ ਜਿੱਤ ਦਰਜ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਪਰਸ਼ਿਦ ਤੇ ਸੰਮਤੀ ਚੋਣਾਂ ਵਿੱਚ ਦੋ ਸਾਲ ਦੇਰੀ ਕਰਕੇ ਜਮਹੂਰੀ ਢਾਂਚੇ ਦਾ ਸਮਾਂ ਚੋਰੀ ਕੀਤਾ ਹੈ। ਫਤਹਿ ਬਾਦਲ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਆਪਸੀ ਮਸ਼ਵਰੇ ਨਾਲ ਜਿੱਤਣ ਵਾਲੇ ਉਮੀਦਵਾਰ ਚੁਣੇ ਜਾਣ ਤਾਂ ਜੋ ਸੂਬੇ ਵਿੱਚ ਕਾਂਗਰਸ ਦੀ ਜਿੱਤ ਦਾ ਆਗਾਜ਼ ਲੰਬੀ ਹਲਕੇ ਤੋਂ ਹੋ ਸਕੇ।
