ਥਰਮਲ ਕਲੋਨੀ ਵੇਚਣ ਖ਼ਿਲਾਫ਼ ਕਾਂਗਰਸ ਵੱਲੋਂ ਧਰਨਾ
ਇੱਥੋਂ ਦੇ ਬੰਦ ਹੋਏ ਥਰਮਲ ਪਲਾਂਟ ਦੀ ਰਿਹਾਇਸ਼ੀ ਕਲੋਨੀ ਵੇਚਣ ਦੀਆਂ ਖ਼ਬਰਾਂ ਨਸ਼ਰ ਹੋਣ ਤੋਂ ਬਾਅਦ ਸਿਆਸਤ ਭਖ਼ ਗਈ ਹੈ। ਅੱਜ ਜ਼ਿਲ੍ਹਾ ਕਾਂਗਰਸ ਬਠਿੰਡਾ ਨੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿੱਚ ਮਿਨੀ ਸਕੱਤਰੇਤ ਦੇ ਸਾਹਮਣੇ ਇਸ ਕਵਾਇਦ ਖ਼ਿਲਾਫ਼ ਧਰਨਾ ਦਿੱਤਾ। ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਮਤਾ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸਰਕਾਰ ਨੂੰ ਭੇਜ ਕੇ ਇਸ ਫ਼ੈਸਲੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ। ਇਹ ਚਿਤਾਵਨੀ ਵੀ ਜਾਰੀ ਕੀਤੀ ਗਈ ਕਿ ਜੇ ਸਰਕਾਰ ਨੇ ਫ਼ੈਸਲਾ ਨਾ ਬਦਲਿਆ ਤਾਂ ਕਾਂਗਰਸ ਸੜਕਾਂ ’ਤੇ ਉੱਤਰੇਗੀ। ਧਰਨੇ ਨੂੰ ਸੰਬੋਧਨ ਕਰਦਿਆਂ ਰਾਜਨ ਗਰਗ, ਪੰਜਾਬ ਕਾਂਗਰਸ ਦੇ ਡੈਲੀਗੇਟ ਕੇ ਕੇ ਅਗਰਵਾਲ, ਸੀਨੀਅਰ ਆਗੂ ਅਸ਼ੋਕ ਕੁਮਾਰ, ਪਵਨ ਮਾਨੀ ਅਤੇ ਅਰੁਣ ਵਧਾਵਣ ਨੇ ਪੰਜਾਬ ਸਰਕਾਰ ਉੱਪਰ ਹਰ ਫਰੰਟ ’ਤੇ ਫੇਲ੍ਹ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਹੁਣ ਸਰਕਾਰੀ ਜ਼ਮੀਨਾਂ ਵੇਚ ਕੇ ਸਰਕਾਰ ਚਲਾਉਣ ਦੇ ਰਾਹ ਪੈ ਗਈ ਹੈ। ਪੀ ਪੀ ਸੀ ਸੀ ਦੇ ਸਕੱਤਰ ਟਹਿਲ ਸਿੰਘ ਸੰਧੂ, ਜ਼ਿਲ੍ਹਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਸਾਬਕਾ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਮਾਧਵ ਸ਼ਰਮਾ, ਹਰਵਿੰਦਰ ਲੱਡੂ ਅਤੇ ਕਿਰਨਜੀਤ ਗਹਿਰੀ ਨੇ ਪੰਜਾਬ ਸਰਕਾਰ ’ਤੇ ਇਲਜ਼ਾਮ ਲਾਇਆ ਕਿ ਉਸ ਨੇ ਚਾਰ ਸਾਲਾਂ ਵਿੱਚ ਸੂਬੇ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ, ਜਿਸ ਕਰਕੇ ਹਰ ਵਰਗ ਸਰਕਾਰ ਤੋਂ ਨਿਰਾਸ਼ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੀ ਸਰਕਾਰ ਆਉਂਦਿਆਂ ਹੀ ਮੌਜੂਦਾ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਰੱਦ ਕੀਤਾ ਜਾਵੇਗਾ। ਧਰਨੇ ਵਿੱਚ ਕਾਂਗਰਸ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਬਲਵੰਤ ਰਾਏ ਨਾਥ, ਕਮਲ ਗੁਪਤਾ, ਸੰਦੀਪ ਬੌਬੀ, ਮਲਕੀਤ ਗਿੱਲ, ਰਮਨ ਢਿੱਲੋਂ, ਪ੍ਰੀਤਮ ਬਰਾੜ, ਜੋਗਿੰਦਰ ਸਿੰਘ, ਨੱਥੂ ਰਾਮ, ਪ੍ਰਕਾਸ਼ ਚੰਦ, ਰੂਪ ਸਿੰਘ, ਬਲਜੀਤ ਸਿੰਘ, ਸੁਨੀਲ ਕੁਮਾਰ, ਅਵਤਾਰ ਸਿੰਘ ਆਦਿ ਹਾਜ਼ਰ ਸਨ।
