ਕਾਂਗਰਸ ਵੱਲੋਂ ਡਰੇਨ ਦੀ ਲੀਕੇਜ ਤੇ ਓਵਰਫਲੋਅ ਖ਼ਿਲਾਫ਼ ਧਰਨਾ
ਨਾਥੂਸਰੀ ਚੌਪਟਾ ਖੇਤਰ ਦੇ ਲਗਪਗ 25 ਪਿੰਡਾਂ ਵਿੱਚੋਂ ਲੰਘਦੀ ਹਿਸਾਰ ਘੱਗਰ ਡਰੇਨ ਦੇ ਓਵਰਫਲੋਅ ਅਤੇ ਲੀਕੇਜ ਖ਼ਿਲਾਫ਼ ਕਾਂਗਰਸ ਨੇ ਪ੍ਰਸ਼ਾਸਨ ਦੀ ਲਾਪਰਵਾਹੀ ਵਿਰੁੱਧ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਅਗਵਾਈ ਕਾਂਗਰਸ ਪਾਰਟੀ ਸਿਰਸਾ ਦੀ ਜ਼ਿਲ੍ਹਾ ਪ੍ਰਧਾਨ ਸੰਤੋਸ਼ ਬੈਨੀਵਾਲ ਨੇ ਕੀਤੀ। ਸੰਤੋਸ਼ ਬੈਨੀਵਾਲ ਨੇ ਆਖਿਆ ਕਿ ਹਿਸਾਰ ਘੱਗਰ ਡਰੇਨ ਵਿੱਚ ਪਾਣੀ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਆਸਪਾਸ ਦੇ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਪਰ ਸਬੰਧਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੀ ਨਿਕਾਸੀ ਸਬੰਧੀ ਠੋਸ ਪ੍ਰਬੰਧ ਨਹੀਂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਇਸ ਨਾਲੇ ਵਿੱਚੋਂ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ। ਪਿੰਡ ਵਾਸੀ ਆਪਣੇ ਪੱਧਰ 'ਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਇਸ ਸਬੰਧੀ ਉਨ੍ਹਾਂ ਨੇ ਸਬੰਧਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕਈ ਵਾਰ ਗੱਲ ਕੀਤੀ ਪਰ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ। ਬੀਤੀ ਰਾਤ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਸੀ ਕਿ ਜੇਕਰ ਜਲਦੀ ਕੋਈ ਹੱਲ ਨਹੀਂ ਨਿਕਲਿਆ ਤਾਂ ਉਹ ਪਿੰਡ ਵਾਸੀਆਂ ਨਾਲ ਧਰਨਾ ਸ਼ੁਰੂ ਕਰਨਗੇ। ਕਿਸੇ ਵੀ ਅਧਿਕਾਰੀ ਜਾਂ ਸਰਕਾਰ ਵੱਲੋਂ ਕੋਈ ਠੋਸ ਭਰੋਸਾ ਨਾ ਮਿਲਣ ਕਾਰਨ ਉਨ੍ਹਾਂ ਨੇ ਅੱਜ ਧਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੇਮ ਨਾਲੇ ਦੇ ਪਾਣੀ ਦਾ ਪੱਧਰ ਆਮ ਨਹੀਂ ਹੋ ਜਾਂਦਾ। ਜ਼ਿਕਰਯੋਗ ਹੈ ਕਿ ਹਿਸਾਰ ਘੱਗਰ ਡਰੇਨ ਦੇ ਤਹਿਤ ਇਹ ਸੇਮਨਾਲਾ ਜ਼ਿਲ੍ਹੇ ਦੇ ਸ਼ਕਰ ਮੰਦੋਰੀ, ਸ਼ਾਹਪੁਰੀਆ, ਤਰਕਾਂਵਾਲੀ, ਮਾਖੋਸਰਾਨੀ, ਨਾਥੂਸਰੀ ਚੌਪਟਾ, ਦੜਬਾ ਕਲਾਂ, ਰੁਪਾਣਾ ਖੁਰਦ, ਨਿਰਬਾਨ, ਗੁਡੀਆ ਖੇੜਾ, ਮਾਧੋ ਸਿੰਘਾਨਾ ਸਮੇਤ ਕਈ ਪਿੰਡਾਂ ਵਿੱਚੋਂ ਲੰਘਦਾ ਹੈ, ਜਿਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਟੁੱਟਣ ਅਤੇ ਲੀਕੇਜ ਦਾ ਖ਼ਤਰਾ ਹੈ। ਮੋਡੀਆ ਖੇੜਾ ਅਤੇ ਗੁਡੀਆਖੇੜਾ ਵਿਚਕਾਰ ਲੀਕੇਜ ਕਾਰਨ 20 ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਚੁੱਕੀ ਹੈ।