ਕਾਂਗਰਸ ਨੇ ਮੋਦੀ ਸਰਕਾਰ ਦੀ ਅਰਥੀ ਸਾੜੀ
ਕਾਂਗਰਸ ਪਾਰਟੀ ਨੇ ਭਾਜਪਾ ਅਤੇ ਆਰ ਐੱਸ ਐੱਸ ਦੀਆਂ ਕਥਿਤ ਦਲਿਤ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ, ਅੱਜ ਇੱਥੇ ਮੋਦੀ ਸਰਕਾਰ ਦੀ ਅਰਥੀ ਸਾੜੀ। ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਕੀਤੀ, ਜਦ ਕਿ ਕਾਂਗਰਸ (ਐੱਸ ਸੀ ਵਿੰਗ) ਦਿਹਾਤੀ ਦੇ ਚੇਅਰਮੈਨ ਸਰਦੂਲ ਸਿੰਘ ਗੋਬਿੰਦਪੁਰਾ ਅਤੇ ਇਸੇ ਵਿੰਗ ਦੇ ਸ਼ਹਿਰੀ ਖੇਤਰ ਦੇ ਚੇਅਰਮੈਨ ਸੁਨੀਲ ਕੁਮਾਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਨ੍ਹਾਂ ਆਗੂਆਂ ਨੇ ਆਖਿਆ ਕਿ ਬੀਤੇ ਦਿਨੀਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ. ਆਰ. ਗਵੱਈ ’ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਲੋਕਤੰਤਰ ਅਤੇ ਸੰਵਿਧਾਨ ਦਾ ਅਪਮਾਨ ਹੈ ਅਤੇ ਇਹ ਹਮਲਾ ਉਸ ਵਿਅਕਤੀ ’ਤੇ ਹੋਇਆ ਹੈ, ਜੋ ਖੁਦ ਦਲਿਤ ਪਿਛੋਕੜ ਤੋਂ ਵਧ ਕੇ, ਦੇਸ਼ ਦੀ ਸਭ ਤੋਂ ਉੱਚੀ ਨਿਆਂ ਕੁਰਸੀ ਤੱਕ ਪਹੁੰਚਿਆ ਹੈ। ਅਜਿਹੇ ’ਚ ਇਹ ਪੂਰੇ ਦਲਿਤ ਸਮਾਜ ਦਾ ਹੀ ਅਪਮਾਨ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਅਤੇ ਕਾਂਗਰਸ ਚੀਫ਼ ਜਸਟਿਸ ਨਾਲ ਡਟ ਕੇ ਖੜ੍ਹੇ ਹਨ। ਪ੍ਰਦਰਸ਼ਨ ਮੌਕੇ ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਆਗੂ ਟਹਿਲ ਸਿੰਘ ਸੰਧੂ, ਰਮਨ ਢਿੱਲੋਂ, ਕਿਰਨਜੀਤ ਗਹਿਰੀ, ਮਾਧੋ ਸ਼ਰਮਾ, ਅਸ਼ੋਕ ਪ੍ਰਧਾਨ, ਸਿਮਰਤ ਕੌਰ ਧਾਲੀਵਾਲ, ਜੋਗਿੰਦਰ ਸਿੰਘ ਹਾਜ਼ਰ ਸਨ।