ਲੈਂਡ ਪੂਲਿੰਗ ਨੀਤੀ: ਸਰਕਾਰ ਦਾ ਫ਼ੈਸਲਾ ਕਿਸਾਨਾਂ ਦੇ ਕਾਂਗਰਸ ਦੀ ਜਿੱਤ ਕਰਾਰ
ਜ਼ਿਲ੍ਹਾ ਕਾਂਗਰਸ ਨੇ ਇੱਥੇ ਕਾਂਗਰਸ ਭਵਨ ਵਿੱਚ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਵਾਪਸ ਲੈਣ ’ਤੇ ਖ਼ੁਸ਼ੀ ਮਨਾਉਂਦਿਆਂ, ਲੱਡੂ ਵੰਡੇ। ਕਾਂਗਰਸ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨੀ ਅਤੇ ਕਾਂਗਰਸ ਦੇ ਸੰਘਰਸ਼ ਦੀ ਜਿੱਤ ਦੱਸਿਆ।
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਰਾਜਨ ਗਰਗ, ਜ਼ਿਲ੍ਹਾ ਪ੍ਰਧਾਨ (ਦਿਹਾਤੀ) ਖ਼ੁਸ਼ਬਾਜ਼ ਜਟਾਣਾ, ਵਿਧਾਨ ਸਭਾ ਹਲਕਾ ਜੈਤੋ ਦੇ ਪਾਰਟੀ ਕੋਆਰਡੀਨੇਟਰ ਕੇਵਲ ਕ੍ਰਿਸ਼ਨ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਅੰਮ੍ਰਿਤਾ ਗਿੱਲ, ਮਾਰਕਫ਼ੈੱਡ ਪੰਜਾਬ ਦੇ ਚੇਅਰਮੈਨ ਟਹਿਲ ਸਿੰਘ ਸੰਧੂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਨੇ ਕਿਹਾ ਕਿ ਇਹ ਸਕੀਮ ਕਿਸਾਨ ਅਤੇ ਪੰਜਾਬ ਵਿਰੋਧੀ ਸੀ, ਜਿਸ ਖ਼ਿਲਾਫ਼ ਕਾਂਗਰਸ ਪਾਰਟੀ ਨੇ ਵੱਡੀ ਪੱਧਰ ’ਤੇ ਪ੍ਰਦਰਸ਼ਨ ਕੀਤੇ ਅਤੇ ਲੋਕ ਸਭਾ ਵਿੱਚ ਆਵਾਜ਼ ਵੀ ਉਠਾਈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਬੂਰ ਪਿਆ ਅਤੇ ਸਰਕਾਰ ਨੇ ਸਕੀਮ ਵਾਪਸ ਲੈ ਲਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਾਲਿਆਂ ਦੇ ਹੱਥਾਂ ਵਿੱਚ ਖੇਡਦੇ ਹੋਏ, ਪੰਜਾਬੀਆਂ ਨੂੰ ਜ਼ਮੀਨ ਰਹਿਤ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਸਨ, ਪ੍ਰੰਤੂ ਸਾਜਿਸ਼ਾਂ ਦਾ ਚਿਹਰਾ ਬੇਨਕਾਬ ਕਾਂਗਰਸ ਨੇ ਕੀਤਾ ਅਤੇ ਕਿਸਾਨਾਂ ਨੇ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਇਸੇ ਕਰਕੇ ਕਿਸਾਨੀ ਖਿੱਤੇ ਨੂੰ ਬਚਾਉਣ ਲਈ ਇਹ ਸਕੀਮ ਰੱਦ ਕਰਵਾਈ ਗਈ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ’ਤੇ ਤੰਜ਼ ਕਸਦਿਆਂ ਕਿਹਾ ਕਿ ਉਨ੍ਹਾਂ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਅਤੇ ਬੀਜੇਪੀ ਦੀ ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ ਕਿਉਂਕਿ ਬੀਜੇਪੀ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸਨ। ਉਨ੍ਹਾਂ ਪੰਜਾਬੀਆਂ ਨੂੰ ਆਪਣੇ ਅਤੇ ਬੇਗਾਨੇ ਦੀ ਪਛਾਣ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।