ਕਾਂਗਰਸ ਵੱਲੋਂ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ
ਕਾਂਗਰਸ ਪਾਰਟੀ ਹੀ ਦੇਸ਼ ਦੀ ਇੱਕ ਅਜਿਹੀ ਪਾਰਟੀ ਹੈ ਜੋ ਸਾਰੇ ਧਰਮਾਂ ਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ। ਇਹ ਗੱਲਾਂ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਰਵਿੰਦਰ ਡਾਲਵੀ ਨੇ ਪਿੰਡ ਜਲਾਲ ਵਿੱਚ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਹੋਈ ਕਾਂਗਰਸੀ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਕਹੀਆਂ। ਡਾਲਵੀ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਦੀ ਡਿਊਟੀ ਪੂਰੇ ਪੰਜਾਬ ਦੇ ਵਰਕਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਲਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਮਨ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਸੂਬਾ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਫ਼ੋਕੀ ਇਸ਼ਤਿਹਾਰਬਾਜ਼ੀ ਕਰ ਕੇ ਲੋਕਾਂ ਦਾ ਪੈਸਾ ਬਰਬਾਦ ਕਰਨ ’ਤੇ ਤੁਲੀ ਹੋਈ ਹੈ ਤੇ ਪੰਜਾਬ ਸਰਕਾਰ ਦੇ ਕਰਜ਼ੇ ਦਾ ਸੰਕਟ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਤਕੜੇ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ 'ਚ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ। ਕਾਂਗੜ ਨੇ ਰਵਿੰਦਰ ਡਾਲਵੀ ਨੂੰ ਹਲਕੇ 'ਚ ਪਹੁੰਚਣ 'ਤੇ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੀਟਿੰਗ ਨੂੰ ਸਾਬਕਾ ਐੱਮਪੀ ਮੁਹੰਮਦ ਸਦੀਕ, ਗੁਰਦੀਪ ਸਿੰਘ ਗਿੱਲ, ਇੰਦਰਜੀਤ ਭੋਡੀਪੁਰਾ, ਰਾਮ ਸਿੰਘ ਭੋਡੀਪੁਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੀਰ ਸਿੰਘ, ਤੇਜੀ ਜਲਾਲ ਅਤੇ ਜਸਵਿੰਦਰ ਰਾਮੂਵਾਲਾ ਨੇ ਸੰਬੋਧਨ ਕੀਤਾ।
ਕੈਪਸ਼ਨ: ਰਵਿੰਦਰ ਡਾਲਵੀ ਦਾ ਸਨਮਾਨ ਕਰਦੇ ਹੋਏ ਗੁਰਪ੍ਰੀਤ ਕਾਂਗੜ।