ਗੋਨਿਆਣਾ ਮੰਡੀ ’ਚ ਲੋਕ ਮੋਰਚਾ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਾਨਫਰੰਸ
ਲੋਕ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇੱਥੇ ਗੋਨਿਆਣੇ ਦੀ ਦਾਣਾ ਮੰਡੀ ਵਿੱਚ ਕਾਨਫਰੰਸ ਕੀਤੀ ਗਈ। ਬੁਲਾਰਿਆਂ ਨੇ ਖੇਤ ਮਜ਼ਦੂਰਾਂ, ਬੇ-ਜ਼ਮੀਨੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਮੀਨਾਂ ਤੇ ਖੇਤੀ ਦੇ ਸੰਦਾਂ ਦੀ ਕਾਣੀ ਵੰਡ ਖ਼ਤਮ ਕਰਾਉਣ ਅਤੇ ਸੂਦਖੋਰੀ ਨੂੰ ਨੱਥ ਪਾਉਣ, ਕਰਜ਼ਾ ਕਾਨੂੰਨ ਬਣਾਉਣ ਵਰਗੀਆਂ ਮੰਗਾਂ ਲਈ ਸਾਂਝੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ। ਅੱਜ ਦੀ ‘ਮੁੜ ਤੋਂ ਕਰੋ ਜ਼ਮੀਨੀ ਵੰਡ’ ਕਾਨਫਰੰਸ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੁਖਵਿੰਦਰ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਖੇਤੀ ਦੇ ਡੂੰਘੇ ਹੋ ਰਹੇ ਸੰਕਟ ਦੇ ਹੱਲ ਬਾਰੇ ਚਰਚਾ ਕੀਤੀ। ਉਨ੍ਹਾਂ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰ ਕੇ ਵਾਧੂ ਜ਼ਮੀਨਾਂ ਵੰਡ ਖੇਤ ਮਜ਼ਦੂਰਾਂ ’ਚ ਕਰਨ ਤੋਂ ਇਲਾਵਾ ਖੇਤੀ ਖੇਤਰ ’ਚ ਅੰਨ੍ਹੀ ਲੁੱਟ ਮਚਾ ਰਹੀਆਂ ਸਾਮਰਾਜੀ ਕੰਪਨੀਆਂ ਦੀ ਲੁੱਟ ਖ਼ਤਮ ਕਰਨ ਦੀ ਲੋੜ ਨੂੰ ਉਭਾਰਿਆ ਗਿਆ। ਉਨ੍ਹਾਂ ਪੰਜਾਬ ’ਚ ਆਏ ਹੜ੍ਹਾਂ ਲਈ ਵੀ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਆਖਿਆ ਕਿ ਭਿਆਨਕ ਤ੍ਰਾਸਦੀ ਹੰਢਾ ਰਹੇ ਲੋਕਾਂ ਦੀ ਸਰਕਾਰਾਂ ਵੱਲੋਂ ਬਾਂਹ ਨਹੀਂ ਫੜੀ ਜਾ ਰਹੀ ਸਗੋਂ ਲੋਕ ਹੀ ਲੋਕਾਂ ਦਾ ਸਹਾਰਾ ਬਣ ਰਹੇ ਹਨ। ਇਸ ਮੌਕੇ ਮਜ਼ਦੂਰ ਆਗੂ ਮਨਦੀਪ ਸਿੰਘ ਸਿਵੀਆਂ, ਤੀਰਥ ਸਿੰਘ ਕੋਠਾਗੁਰੂ, ਸੁਖਪਾਲ ਸਿੰਘ ਖਿਆਲੀ ਵਾਲਾ, ਕਿਸਾਨ ਆਗੂ ਅਮਰੀਕ ਸਿੰਘ ਸਿਵੀਆਂ, ਜਸਪਾਲ ਸਿੰਘ ਕੋਠਾਗੁਰੂ, ਵਿਦਿਆਰਥੀ ਆਗੂ ਨਵਜੋਤ ਸਿੰਘ, ਮੁਲਾਜ਼ਮ ਆਗੂ ਚੰਦਰ ਪ੍ਰਕਾਸ਼, ਲੋਕ ਗਾਇਕ ਜਗਸੀਰ ਜੀਦਾ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਜਗਰੂਪ ਸਿੰਘ ਤੇ ਜਗਸੀਰ ਸਿੰਘ ਭੰਗੂ ਆਦਿ ਆਗੂ ਹਾਜ਼ਰ ਸਨ।