ਫਰਦ ਕੇਂਦਰ ਦੇ ਕੰਪਿਊਟਰ ਅਪਰੇਟਰਾਂ ਵੱਲੋਂ ਨਾਅਰੇਬਾਜ਼ੀ
ਸਬ ਡਿਵੀਜ਼ਨ ਮਹਿਲ ਕਲਾਂ ਦੇ ਫ਼ਰਦ ਕੇਂਦਰਾਂ ਵਿੱਚ ਸੇਵਾ ਨਿਭਾ ਰਹੇ ਕੰਪਿਊਟਰ ਆਪਰੇਟਰਾਂ ਵਲੋਂ ਅੱਜ ਕਾਲੇ ਬਿੱਲੇ ਲਗਾ ਕੇ ਸੂਬਾ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਕਰਮਚਾਰੀ ਕੁਲਦੀਪ ਕੁਮਾਰ, ਰਾਜਵਿੰਦਰ ਕੌਰ ਅਤੇ ਵੀਰਪਾਲ ਕੌਰ ਨੇ ਕਿਹਾ ਕਿ ਅਪਰੇਟਰਾਂ ਦੀਆਂ ਸੇਵਾਵਾਂ ਸੀ ਐੱਮ ਸੀ ਲਿਮਟਿਡ ਨਾਂ ਦੀ ਪ੍ਰਾਈਵੇਟ ਕੰਪਨੀ ਰਾਹੀਂ ਲਈਆਂ ਜਾ ਰਹੀਆਂ ਹਨ, ਜਿਸ ਕਰਕੇ ਨੌਕਰੀ ਦੀ ਪੱਕੀ ਸੁਰੱਖਿਆ ਨੂੰ ਲੈ ਕੇ ਚਿੰਤਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਸਾਲਾਂ ਤੋਂ ਤਨਖ਼ਾਹ ’ਚ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੇਵਲ 8 ਹਜ਼ਾਰ ਰੁਪਏ ਮਹੀਨਾਵਾਰੀ ਨਿਗੂਣੀ ਤਨਖ਼ਾਹ ’ਤੇ ਬੇਅੰਤ ਕੰਮ ਲਿਆ ਜਾ ਰਿਹਾ ਹੈ, ਜਦਕਿ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹ ਵੀ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਅਪਰੇਟਰ ਆਰਥਿਕ ਤੰਗੀ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਤਨਖ਼ਾਹ ਵਿੱਚ ਵਾਧਾ ਕਰੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਥਾਈ ਕਰਕੇ ਸਰਕਾਰੀ ਭਰਤੀ ਅਧੀਨ ਲਿਆਂਦਾ ਜਾਵੇ। ਅਪਰੇਟਰਾਂ ਨੇ ਦੱਸਿਆ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਸੌਂਪਣ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਕਰਕੇ ਹੁਣ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
